ਜੈਸ਼ ਨੇ ਆਪਣੀਆਂ ਅੱਤਵਾਦੀ ਕਾਰਵਾਈਆਂ ਕਾਰਨ 20 ਸਾਲ ’ਚ 2 ਵਾਰ ਭਾਰਤ ਨੂੰ ਲਿਆਂਦਾ ਜੰਗ ਦੇ ਕੰਢੇ ’ਤੇ

03/04/2019 4:20:37 AM

ਨਵੀਂ ਦਿੱਲੀ, (ਭਾਸ਼ਾ)– ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜ਼ੈਸ਼-ਏ-ਮੁਹੰਮਦ ਵਲੋਂ ਭਾਰਤ ਵਿਰੁੱਧ ਕੀਤੇ ਜਾਂਦੇ ਅੱਤਵਾਦੀ ਹਮਲੇ ਉਸ ਦੇ ‘ਗਜਵਾ-ਏ-ਹਿੰਦ’ ਦਾ ਹਿੱਸਾ ਹਨ। ਇਸੇ ਅਧੀਨ ਜੈਸ਼ ਨੇ ਪਿਛਲੇ 20 ਸਾਲ ਦੌਰਾਨ ਭਾਰਤ ਅਤੇ ਪਾਕਿਸਤਾਨ ਨੂੰ ਜੰਗ ਦੇ ਕੰਢੇ ’ਤੇ ਲਿਆ ਦਿੱਤਾ ਹੈ।  ਅਧਿਕਾਰੀਆਂ ਨੇ ਐਤਵਾਰ ਇੱਥੇ ਦੱਸਿਆ ਕਿ ਪਿਛਲੇ 20 ਸਾਲਾਂ ਦੌਰਾਨ ਜੈਸ਼ ਦੇ ਸਭ ਤੋਂ ਖਤਰਨਾਕ ਅੱਤਵਾਦੀ ਹਮਲਿਆਂ ’ਚ ਪਠਾਨਕੋਟ ਏਅਰਬੇਸ, ਉੜੀ ਵਿਖੇ ਫੌਜੀ ਬ੍ਰਿਗੇਡ ਹੈੱਡਕੁਆਰਟਰ ’ਤੇ ਹਮਲਾ, ਸ਼੍ਰੀਨਗਰ ਦੇ ਬਾਦਾਮੀ ਬਾਗ ਕੈਂਟ ਹਲਕੇ ’ਚ ਹਮਲਾ ਅਤੇ ਜੰਮੂ-ਕਸ਼ਮੀਰ ਵਿਧਾਨ ਸਭਾ ਨੇੜੇ ਬੰਬ ਧਮਾਕਾ ਸ਼ਾਮਲ ਹਨ। 
ਇਕ ਸੁਰੱਖਿਆ ਅਧਿਕਾਰੀ ਮੁਤਾਬਕ ਭਾਰਤ ਅਤੇ ਪਾਕਿਸਤਾਨ 2001 ’ਚ ਉਸ ਸਮੇਂ ਜੰਗ ਦੇ ਕੰਢੇ ’ਤੇ ਆ ਗਏ ਸਨ, ਜਦੋਂ ਜੈਸ਼ ਨੇ ਭਾਰਤੀ ਸੰਸਦ ’ਤੇ ਹਮਲਾ ਕੀਤਾ ਸੀ। ਇਸ ਸਾਲ 14 ਫਰਵਰੀ ਨੂੰ ਪੁਲਵਾਮਾ ਵਿਖੇ ਹੋਏ ਹਮਲੇ ਤੋਂ ਬਾਅਦ ਇਕ ਵਾਰ ਮੁੜ ਉਹੀ ਸਥਿਤੀ ਬਣੀ। 27 ਨਵੰਬਰ 2017 ਨੂੰ ਪਾਕਿਸਤਾਨ ਦੇ ਓਕਾਰਾ ਜ਼ਿਲੇ ’ਚ ਅਲਕਾਇਦਾ ਨਾਲ ਜੁੜੇ ਅੱਤਵਾਦੀਆਂ ਨੇ ਇਕ ਸੰਮੇਲਨ ਆਯੋਜਿਤ ਕੀਤਾ ਸੀ ਜਿਸ ’ਚ ਭਾਰਤ-ਪਾਕਿ ਸਬੰਧਾਂ ਨੂੰ ਧਿਆਨ ’ਚ ਰੱਖੇ ਬਿਨਾਂ ‘ਗਜਵਾ-ਏ-ਹਿੰਦ’  ਨੂੰ ਜਾਰੀ ਰੱਖਣ ਦਾ ਸੰਕਲਪ ਲਿਆ ਸੀ। 
ਜੈਸ਼ ਨੇ ਪਿਛਲੇ 20 ਸਾਲਾ ਦੌਰਾਨ ਜੰਮੂ-ਕਸ਼ਮੀਰ ’ਚ ਵੱਡੇ ਅੱਤਵਾਦੀ ਹਮਲਿਆਂ ਨੂੰ ਅੰਜਾਮ  ਦਿੱਤਾ। ਇਕ ਅਕਤੂਬਰ 2001 ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਦੇ ਬਾਹਰ ਹੋਏ ਧਮਾਕੇ ’ਚ 31 ਵਿਅਕਤੀ ਮਾਰੇ ਗਏ। 2 ਨਵੰਬਰ 2005 ਨੂੰ ਸ਼੍ਰੀਨਗਰ ਵਿਖੇ ਹੋਏ ਕਾਰ ਬੰਬ ਧਮਾਕੇ ’ਚ 20 ਵਿਅਕਤੀਆਂ ਦੀ ਜਾਨ ਚਲੀ ਗਈ ਸੀ।

Bharat Thapa

This news is Content Editor Bharat Thapa