ਮਰਹੂਮ ਪਿਤਾ ਨੂੰ ਨਮਨ ਕਰ ਕੇ ਜਗਨ ਮੋਹਨ ਨੇ ਸੰਭਾਲੀ ਮੁੱਖ ਮੰਤਰੀ ਦੀ ਕੁਰਸੀ

06/08/2019 11:32:59 AM

ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈੱਡੀ ਨੇ ਸ਼ਨੀਵਾਰ ਨੂੰ ਅਮਰਾਵਤੀ ਸਥਿਤ ਸਕੱਤਰ 'ਚ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਣ ਤੋਂ ਪਹਿਲਾਂ ਰੈੱਡੀ ਨੇ ਆਪਣੇ ਪਰਿਵਾਰ ਨਾਲ ਪੂਜਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਵਾਈ.ਐੱਸ. ਚੰਦਰਸ਼ੇਖਰ ਰੈੱਡੀ ਦੀ ਤਸਵੀਰ ਨੂੰ ਵੀ ਨਮਨ ਕੀਤਾ। ਜ਼ਿਕਰਯੋਗ ਹੈ ਕਿ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਜਗਨਮੋਹਨ ਰੈੱਡੀ ਨੇ ਫੈਸਲਾ ਕੀਤਾ ਹੈ ਕਿ ਉਹ ਰਾਜ 'ਚ ਇਕ ਨਹੀਂ ਸਗੋਂ 5 ਉੱਪ ਮੁੱਖ ਮੰਤਰੀ ਨਿਯੁਕਤ ਕਰਨਗੇ। ਹਾਲੇ ਤੱਕ ਦੇਸ਼ ਦੇ ਕਿਸੇ ਵੀ ਰਾਜ 'ਚ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਗਿਆ। ਰੈੱਡੀ ਦੇ ਮੰਤਰੀ ਮੰਡਲ 'ਚ ਅਨੁਸੂਚਿਤ ਜਾਤੀ, ਜਨਜਾਤੀ, ਪਿਛੜਾ ਵਰਗ, ਘੱਟ ਗਿਣਤੀ ਅਤੇ ਕਾਪੂ ਭਾਈਚਾਰੇ ਤੋਂ ਇਕ-ਇਕ ਉੱਪ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪਾਰਟੀ ਵਿਧਾਇਕਾਂ ਦੀ ਬੈਠਕ ਤੋਂ ਬਾਅਦ ਇਹ ਐਲਾਨ ਕੀਤਾ।ਰੈੱਡੀ ਨੇ ਦੱਸਿਆ ਕਿ ਉਹ ਢਾਈ ਸਾਲ ਬਾਅਦ ਕੈਬਨਿਟ 'ਚ ਤਬਦੀਲੀ ਕਰਨਗੇ। ਉਨ੍ਹਾਂ ਨੇ ਵਿਧਾਇਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਸਾਵਧਾਨੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਨਜ਼ਰਾਂ ਸਰਕਾਰ ਦੇ ਪ੍ਰਦਸ਼ਨ 'ਤੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਵਾਈ.ਐੱਸ.ਆਰ.ਸੀ.ਪੀ. ਦੀ ਸਰਕਾਰ ਅਤੇ ਪਿਛਲੀ ਸਰਕਾਰ ਦਰਮਿਆਨ ਅੰਤਰ ਦਿਖਾਉਣਾ ਹੈ।
ਜ਼ਿਕਰਯੋਗ ਹੈ ਕਿ ਰਾਜ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਾਈ.ਐੱਸ.ਆਰ.ਸੀ.ਪੀ. ਨੇ ਵਿਧਾਨ ਸਭਾ ਚੋਣਾਂ 'ਚ 175 'ਚੋਂ 151 ਸੀਟਾਂ ਆਪਣੇ ਨਾਂ ਕੀਤੀਆਂ। ਚੰਦਰਬਾਬੂ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਨੂੰ ਸਿਰਫ 23 ਸੀਟਾਂ ਹੱਥ ਲੱਗੀਆਂ।

DIsha

This news is Content Editor DIsha