ਪੁੱਤਾਂ ਦੇ ਗ਼ਮਾਂ ''ਚ ਰੋਂਦੀਆਂ ਮਾਂਵਾਂ, ਅੱਤਵਾਦੀਆਂ ਨੇ ਬੁਝਾਏ 2 ਪਰਿਵਾਰਾਂ ਦੇ ਇਕਲੌਤੇ ਚਿਰਾਗ

10/31/2020 11:36:56 AM

ਕੁਲਗਾਮ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਵੀਰਵਾਰ ਨੂੰ ਅੱਤਵਾਦੀਆਂ ਨੇ ਭਾਜਪਾ ਦੇ ਤਿੰਨ ਵਰਕਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭਾਜਪਾ ਵਰਕਰ ਫਿਦਾ ਹੁਸੈਨ, ਉਮਰ ਰਾਸ਼ਿਦ ਅਤੇ ਉਮਰ ਹਾਜਮ ਦਾ ਕਤਲ ਕੀਤਾ ਗਿਆ ਸੀ। ਅੱਤਵਾਦੀਆਂ ਨੇ ਇਸ ਹਮਲੇ 'ਚ 2 ਪਰਿਵਾਰਾਂ ਦੇ ਇਕਲੌਤੇ ਪੁੱਤ ਖੋਹ ਲਏ ਹਨ। ਫਿਦਾ ਹੁਸੈਨ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਮਾਂ-ਬਾਪ ਬਜ਼ੁਰਗ ਸਨ। ਮਾਂ ਨੇ ਰੋਂਦੇ ਹੋਏ ਕਿਹਾ,''ਹੁਣ ਅਸੀਂ ਕਿਸ ਦੇ ਸਹਾਰੇ ਜੀਵਾਂਗੇ।'' ਬਜ਼ੁਰਗ ਪਿਤਾ ਗੱਲ ਕਰਨ ਦੀ ਸਥਿਤੀ 'ਚ ਨਹੀਂ ਹੈ। ਇਸੇ ਤਰ੍ਹਾਂ ਉਮਰ ਰਾਸ਼ਿਦ ਡਰਾਈਵਰ ਸੀ। ਉਹ ਵੀ ਬਜ਼ੁਰਗ ਮਾਂ-ਬਾਪ ਅਤੇ 2 ਭੈਣਾਂ ਦਾ ਇਕਲੌਤਾ ਸਹਾਰਾ ਸੀ। ਭੈਣਾਂ ਡੂੰਘੇ ਸਦਮੇ 'ਚ ਹਨ। 

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲੇ 'ਚ ਭਾਜਪਾ ਦੇ ਤਿੰਨ ਵਰਕਰਾਂ ਦੀ ਮੌਤ, PM ਮੋਦੀ ਨੇ ਕੀਤੀ ਨਿੰਦਾ

ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ਼ ਭਰਾ ਲਈ ਇਨਸਾਫ਼ ਚਾਹੁੰਦੀਆਂ ਹਨ। ਚੀਕ-ਚਿਹਾੜੇ ਦਰਮਿਆਨ ਉੱਠੇ ਤਿੰਨ ਜਨਾਜ਼ਿਆਂ 'ਚ ਹਜ਼ਾਰਾਂ ਦੀ ਭੀੜ ਆਈ। ਅੰਤਿਮ ਰਸਮ ਅਦਾ ਕਰਦੇ ਹੋਏ ਮੌਲਵੀ ਕਹਿ ਰਹੇ ਸਨ- ਹੇ ਅੱਲਾਹ! ਇਸ ਕਤਲੇਆਮ ਨੂੰ ਰੋਕੋ। ਕਸ਼ਮੀਰ 'ਚ ਹੋਰ ਕਿੰਨੇ ਲੋਕ ਇਸ ਤਰ੍ਹਾਂ ਮਾਰੇ ਜਾਣਗੇ? ਇਨ੍ਹਾਂ ਕਤਲਾਂ ਨਾਲ ਇਲਾਕੇ ਦੇ ਲੋਕ ਬਹੁਤ ਗੁੱਸੇ 'ਚ ਸਨ। ਉਨ੍ਹਾਂ ਨੇ ਸੁਰੱਖਿਆ ਏਜੰਸੀਆਂ ਤੋਂ ਮੰਗ ਕੀਤੀ ਕਿ ਕਾਤਲਾਂ ਨੂੰ ਜਲਦ ਸਜ਼ਾ ਦਿੱਤੀ ਜਾਵੇ। ਉੱਥੇ ਹੀ ਇਸ ਘਟਨਾ ਨਾਲ ਨੇਤਾਵਾਂ 'ਚ ਡਰ ਵਧ ਗਿਆ ਹੈ। ਕੁਲਗਾਮ 'ਚ ਵੀ ਦਰਜਨਾਂ ਨੇਤਾ ਸੁਰੱਖਿਆ ਮੰਗ ਰਹੇ ਹਨ, ਕਿਉਂਕਿ ਪੰਚਾਇਤ ਮੈਂਬਰਾਂ 'ਤੇ ਹਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਇਸ ਤੋਂ ਡਰੇ ਕਈ ਪੰਚਾਇਤ ਮੈਂਬਰ ਅਸਤੀਫ਼ਾ ਦੇ ਰਹੇ ਹਨ। ਤਿੰਨ ਨੌਜਵਾਨਾਂ ਨੂੰ ਸਪੁਰਦ-ਏ-ਖਾਕ ਕੀਤੇ ਜਾਣ ਸਮੇਂ ਭਾਜਪਾ ਨੇਤਾ ਸੋਫ਼ੀ ਯੂਸੁਫ਼ ਨੇ ਕਿਹਾ,''ਕੁਲਗਾਮ ਦੇ ਐੱਸ.ਐੱਸ.ਪੀ. ਅਤੇ ਡੀ.ਸੀ. ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਨੇ ਸੁਰੱਖਿਆ ਨਹੀਂ ਵਧਾਈ, ਇਸ ਲਈ ਵਾਰਦਾਤ ਹੋਈ। ਜਦੋਂ ਤੱਕ ਦੋਵੇਂ ਅਫ਼ਸਰਾਂ ਨੂੰ ਨਹੀਂ ਹਟਾਇਆ ਜਾਂਦਾ, ਉਦੋਂ ਤੱਕ ਭਾਜਪਾ ਇਸ ਜ਼ਿਲ੍ਹੇ 'ਚ ਕਿਸੇ ਵੀ ਪ੍ਰੋਗਰਾਮ ਜਾਂ ਚੋਣ 'ਚ ਹਿੱਸਾ ਨਹੀਂ ਲਵੇਗੀ।''

ਇਹ ਵੀ ਪੜ੍ਹੋ : ਦਰਿੰਦੇ ਪਿਓ ਨੇ 4 ਸਾਲਾ ਧੀ ਦੇ ਰੋਣ ਤੋਂ ਤੰਗ ਆ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਟੈਂਪੂ 'ਚ ਰੱਖ ਘੁੰਮਦਾ ਰਿਹੈ

DIsha

This news is Content Editor DIsha