ਜੰਮੂ-ਕਸ਼ਮੀਰ 'ਚ ਕੋਰੋਨਾ ਦੇ 4 ਪਾਜ਼ੀਟਿਵ ਕੇਸ, ਸੜਕਾਂ 'ਤੇ ਪਸਰਿਆ ਸੰਨਾਟਾ

03/21/2020 10:46:42 AM

ਸ਼੍ਰੀਨਗਰ— ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਵਧਦਾ ਜਾ ਰਿਹਾ ਹੈ। ਹੁਣ ਤਕ ਦੇਸ਼ 'ਚ 258 ਮਾਮਲੇ ਸਾਹਮਣੇ ਆ ਚੁੱਕੇ ਹਨ। ਭਾਰਤ ਸਰਕਾਰ ਵਲੋਂ ਲੋਕਾਂ ਨੂੰ ਵਾਇਰਸ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਹ ਵਾਇਰਸ ਤਕਰੀਬਨ 22 ਸੂਬਿਆਂ 'ਚ ਫੈਲ ਚੁੱਕਾ ਹੈ।  ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ ਦੇ 4 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ 31 ਮਾਰਚ ਤੱਕ ਸਿੱਖਿਅਕ ਸੰਸਥਾਵਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ। ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਾਵਧਾਨੀ ਦੇ ਤੌਰ 'ਤੇ ਸ਼੍ਰੀਨਗਰ 'ਚ ਲੋਕਾਂ ਦੀ ਆਵਾਜਾਈ ਅਤੇ ਉਨ੍ਹਾਂ ਦੇ ਇਕੱਠੇ ਹੋਣ 'ਤੇ ਪਾਬੰਦੀਆਂ ਲਾਈਆਂ ਗਈਆਂ।

ਅੱਜ ਪ੍ਰਸ਼ਾਸਨ ਵਲੋਂ ਸ਼੍ਰੀਨਗਰ 'ਚ ਬਜ਼ਾਰ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਸ਼੍ਰੀਨਗਰ 'ਚ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਹੋਇਆ ਹੈ। ਘਰਾਂ 'ਚ ਲੋਕ ਬੰਦ ਹਨ। ਸੜਕਾਂ 'ਤੇ ਗਿਣੇ-ਚੁਣੇ ਵਾਹਨ ਹੀ ਨਜ਼ਰ ਆ ਰਹੇ ਹਨ। ਪੁਲਸ ਵਲੋਂ ਪੂਰੀ ਸਾਵਧਾਨੀ ਵਰਤੀ ਜਾ ਰਹੀ ਹੈ। ਪੁਲਸ ਵਲੋਂ ਸ਼੍ਰੀਨਗਰ ਅਤੇ ਹੋਰ ਥਾਵਾਂ 'ਤੇ ਪਾਬੰਦੀਆਂ ਲਾਗੂ ਕਰਨ ਅਤੇ ਲੋਕਾਂ ਦੀ ਆਵਾਜਾਈ 'ਤੇ ਲਗਾਮ ਲਾਉਣ ਲਈ ਕੰਢੇਦਾਰ ਤਾਰ ਸਮੇਤ ਬੈਰੀਕੇਡ ਲਾਏ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਸਵੇਰੇ ਪਾਬੰਦੀਆਂ ਦਾ ਐਲਾਨ ਕਰਨ ਲਈ ਲਾਊਡਸਪੀਕਰਾਂ ਤੋਂ ਲੈੱਸ ਵਾਹਨਾਂ ਦਾ ਇਸਤੇਮਾਲ ਕੀਤਾ ਅਤੇ ਲੋਕਾਂ ਨੂੰ ਘਰਾਂ 'ਚ ਰਹਿਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਕਿਹਾ।

Tanu

This news is Content Editor Tanu