ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਪੀ.ਡੀ.ਪੀ. ਵਰਕਰ 'ਤੇ ਚਲਾਈਆਂ ਗੋਲੀਆਂ, ਹਾਲਤ ਨਾਜ਼ੁਕ

05/24/2017 10:25:11 PM

ਸ਼੍ਰੀਨਗਰ— ਬੁੱਧਵਾਰ ਸ਼ਾਮ ਸ਼ਹਿਰ ਦੇ ਬਰਜ਼ੁੱਲਾ ਇਲਾਕੇ 'ਚ ਪੀ.ਡੀ.ਪੀ. ਦੇ ਇਕ ਵਰਕਰ ਨੂੰ ਅੱਤਵਾਦੀਆਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਪੀ.ਡੀ.ਪੀ. ਵਰਕਰ ਅਬਦੁਲ ਕਿਊਮ 'ਤੇ ਅੱਤਵਾਦੀਆਂ ਨੇ ਉਨ੍ਹਾਂ ਦੇ ਘਰ ਸ਼ਾਮ 8:10 'ਤੇ ਦਾਖਲ ਹੋ ਕੇ ਤਿੰਨ ਗੋਲੀਆਂ ਚਲਾਈਆਂ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਇਕ ਮਹੀਨੇ 'ਚ ਦੂਜੀ ਵਾਰ ਪੀ.ਡੀ.ਪੀ. ਵਰਕਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਪੀ.ਡੀ.ਪੀ. ਦੇ ਪੁਲਵਾਮਾ ਜ਼ਿਲੇ ਦੇ ਪ੍ਰਧਾਨ ਅਬਦੁਲ ਗਨੀ ਡਾਰ ਨੂੰ ਸ਼ੱਕੀ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ। ਹਮਲੇ 'ਚ ਜ਼ਖਮੀ ਹੋਣ ਦੇ ਬਾਅਦ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਡਾਰ ਦੀ ਛਾਤੀ 'ਚ ਗੋਲੀ ਮਾਰੀ ਸੀ। 16 ਅਪ੍ਰੈਲ ਨੂੰ ਵੀ ਅੱਤਵਾਦੀਆਂ ਨੇ ਇਕ ਹੋਰ ਪੀ.ਡੀ.ਪੀ. ਵਰਕਰ ਸ਼ਬੀਰ ਅਹਿਮਦ ਡਾਰ ਨੂੰ ਨਿਸ਼ਾਨਾ ਬਣਾਇਆ ਸੀ। ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ ਸੀ। 
ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਬੁੱਧਵਾਰ ਨੂੰ ਸੌਂਪੀਆ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਤੇ ਐੱਸ.ਓ.ਜੀ. ਦੇ ਕੈਂਪਾਂ 'ਤੇ ਹਮਲਾ ਕਰਦੇ ਹੋਏ ਗ੍ਰੇਨੇਡ ਸੁੱਟੇ ਸਨ। ਇਸ ਹਮਲੇ 'ਚ ਇਕ ਨਾਗਰਿਕ ਦੇ ਜ਼ਖਮੀ ਹੋਣ ਦੀ ਖਬਰ ਹੈ।