ਆਪ ਵਫ਼ਦ ਨੂੰ ਕਰਤਾਰਪੁਰ ਸਾਹਿਬ ਜਾਣ ਤੋਂ ਰੋਕਣਾ ਗਲਤ, ਦੁਸ਼ਮਣ ਨੂੰ ਵੀ ਮੱਥਾ ਟੇਕਣ ਤੋਂ ਨਹੀਂ ਰੋਕਣਾ ਚਾਹੀਦੈ: ਕੇਜਰੀਵਾ

11/18/2021 8:29:09 PM

ਨਵੀਂ ਦਿੱਲੀ - ਆਪ ਦੇ ਵਫ਼ਦ ਨੂੰ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੀ ਕੇਂਦਰ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਸੀ ਕਿ 19 ਨਵੰਬਰ ਨੂੰ ਉਹ ਸਾਰੇ ਵਿਧਾਇਕਾਂ ਨਾਲ ਕਰਤਾਰਪੁਰ ਸਾਹਿਬ ਜਾਣਗੇ, ਰਾਘਵ ਚੱਢਾ ਨੇ ਕਿਹਾ ਕਿ ਕੇਂਦਰ ਨੇ ਉਨ੍ਹਾਂ ਦੀ ਪਾਰਟੀ ਦੇ ਵਫ਼ਦ ਨੂੰ ਨਹੀਂ ਜਾਣ ਦਿੱਤਾ।

ਇਸ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, 'ਗੁਰੂ ਪੁਰਬ ਦੇ ਦਿਨ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਤੋਂ ਰੋਕਣਾ ਬਹੁਤ ਗਲਤ ਹੈ। ਅਜਿਹੀ ਰਾਜਨੀਤੀ ਦੇਸ਼ ਅਤੇ ਸਮਾਜ ਲਈ ਚੰਗੀ ਨਹੀਂ ਹੈ। ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਮੱਥਾ ਟੇਕਣ ਅਤੇ ਅਰਦਾਸ ਕਰਨ ਤੋਂ ਤਾਂ ਕਿਸੇ ਦੁਸ਼ਮਣ ਨੂੰ ਵੀ ਨਹੀਂ ਰੋਕਣਾ ਚਾਹੀਦਾ ਹੈ।' 

ਦੱਸ ਦਈਏ ਕਿ ਕੇਜਰੀਵਾਲ ਨੇ ਇਹ ਟਵੀਟ ਪੱਤਰਕਾਰ ਮਾਨ ਅਮਨ ਸਿੰਘ ਛੀਨਾ ਦੇ ਟਵੀਟ ਕਰਨ ਤੋਂ ਬਾਅਦ ਕੀਤਾ ਹੈ। ਪੱਤਰਕਾਰ ਮਾਨ ਅਮਨ ਸਿੰਘ ਛੀਨਾ ਨੇ ਆਪਣੇ ਟਵੀਟ 'ਚ ਲਿਖਿਆ ਹੈ ਕਿ, 'ਕੇਂਦਰ ਨੇ ਪੰਜਾਬ ਦੇ 'ਆਪ' ਵਿਧਾਇਕਾਂ, ਸੰਗਰੂਰ ਤੋਂ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਦਿੱਲੀ ਦੇ ਵਿਧਾਇਕ ਅਤੇ ਸੂਬਾ ਸਹਿ-ਇੰਚਾਰਜ ਰਾਘਵ ਚੱਢਾ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।'

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਬੀਤੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਸੀ। ਕੋਰੋਨਾ ਲਾਗ ਦੀ ਬੀਮਾਰੀ ਕਾਰਨ ਇਹ ਲਾਂਘਾ ਮਾਰਚ 2020 ਤੋਂ ਬੰਦ ਸੀ ਅਤੇ ਸੰਗਤਾਂ ਵੱਲੋਂ ਵਾਰ-ਵਾਰ ਲਾਂਘਾ ਖੋਲ੍ਹਣ ਦੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati