''ਆਇਰਨ ਲੇਡੀ'' ਇਰੋਮ ਸ਼ਰਮਿਲਾ ਨੇ ਆਪਣੇ ਦੋਸਤ ਨਾਲ ਰਚਾਇਆ ਵਿਆਹ

08/17/2017 5:14:56 PM

ਮਣੀਪੁਰ— ਇੱਥੋਂ ਦੀ ਨਾਗਰਿਕ ਅਧਿਕਾਰ ਵਰਕਰ ਇਰੋਮ ਸ਼ਰਮਿਲਾ ਨੇ ਲੰਬੇ ਸਮੇਂ ਤੋਂ ਆਪਣੇ ਦੋਸਤ ਰਹੇ ਬਿਰਤਾਨੀ ਨਾਗਰਿਕ ਡੇਸਮੰਡ ਕੁਟਿਨਹੋ ਨਾਲ ਵੀਰਵਾਰ ਦੀ ਸਵੇਰ ਸਬ-ਰਜਿਸਟਰਾਰ ਦੇ ਦਫ਼ਤਰ 'ਚ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਵਿਆਹ ਕਰ ਲਿਆ। ਸਬ-ਰਜਿਸਟਰਾਰ ਰਾਧਾਕ੍ਰਿਸ਼ਨ ਦੀ ਹਾਜ਼ਰੀ 'ਚ ਵਿਆਹ ਸੰਪੰਨ ਹੋਇਆ, ਕੁਟਿਨਹੋ ਨੇ ਸ਼ਰਮਿਲਾ ਨੂੰ ਅੰਗੂਠੀ ਪਾਈ। ਇਹ ਇਕ ਬੇਹੱਦ ਸਾਦਾ ਸਮਾਰੋਹ ਸੀ ਅਤੇ ਇਸ ਦੌਰਾਨ ਉੱਥੇ ਲਾੜਾ-ਲਾੜੀ ਦੇ ਪਰਿਵਾਰ ਦੇ ਮੈਂਬਰ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਜੋੜੇ ਨੇ ਹਿੰਦੂ ਵਿਆਹ ਐਕਟ ਦੇ ਅਧੀਨ ਵਿਆਹ ਕੀਤਾ ਸੀ। ਸ਼ਰਮਿਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਡਈਕਨਾਲ ਇਕ ਸ਼ਾਂਤੀਪੂਰਨ ਸਥਾਨ ਹੈ ਅਤੇ ਸ਼ਾਂਤੀ ਲਈ ਉਨ੍ਹਾਂ ਦੀ ਤਲਾਸ਼ ਇੱਥੇ ਆ ਕੇ ਖਤਮ ਹੋ ਗਈ। ਸਮਾਜਿਕ ਵਰਕਰ ਨੇ ਕਿਹ ਾਕਿ ਉਹ ਕੋਡਈਕਨਾਲ ਪਰਬਤੀ ਖੇਤਰ 'ਚ ਆਦਿਵਾਸੀਆਂ ਦੇ ਕਲਿਆਣ ਲਈ ਆਪਣੀ ਆਵਾਜ਼ ਚੁੱਕੇਗੀ। 
ਵਿਆਹ ਨੂੰ ਲੈ ਕੇ ਵੀ. ਮਹੇਂਦਰਨ ਨਾਮੀ ਇਕ ਸਥਾਨਕ ਵਰਕਰ ਨੇ ਇਤਰਾਜ਼ ਜ਼ਾਹਰ ਕੀਤਾ ਸੀ। ਉਸ ਨੇ ਦਲੀਲ ਦਿੱਤੀ ਕਿ ਜੋੜੇ ਦੇ ਪਰਬਤੀ ਖੇਤਰ 'ਚ ਰਹਿਣ ਨਾਲ ਇਲਾਕੇ ਦੇ ਆਦਿਵਾਸੀਆਂ ਨੂੰ ਕਾਨੂੰਨੀ ਅਤੇ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। ਫਿਲਹਾਲ ਸਬ-ਰਜਿਸਟਰਾਰ ਨੇ ਇਸ ਇਤਰਾਜ਼ ਨੂੰ ਖਾਰਜ ਕਰਦੇ ਹੋਏ ਕੁਟਿਨਹੋ ਨਾਲ ਸ਼ਰਮਿਲਾ ਦੇ ਵਿਆਹ ਦਾ ਰਸਤਾ ਸਾਫ਼ ਕਰ ਦਿੱਤਾ। ਜੋੜੇ ਨੇ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਵਿਆਹ ਰਜਿਸਟਰੇਸ਼ਨ ਲਈ 12 ਜੁਲਾਈ ਨੂੰ ਆਪਣੀ ਅਰਜ਼ੀ ਜਮ੍ਹਾ ਕੀਤੀ ਸੀ ਅਤੇ ਕਿਸੇ ਨੂੰ ਇਤਰਾਜ਼ ਹੋਣ ਦੀ ਸਥਿਤੀ 'ਚ ਸਬ ਰਜਿਸਟਰਾਰ ਨੇ 30 ਦਿਨਾਂ ਦੇ ਅੰਦਰ ਇਸ 'ਤੇ ਇਤਰਾਜ਼ ਮੰਗਵਾਏ ਸਨ। ਮਣੀਪੁਰ ਵਿਧਾਨ ਸਭਾ ਚੋਣਾਂ 'ਚ ਆਪਣੀ ਹਾਰ ਤੋਂ ਬਾਅਦ ਸ਼ਰਮਿਲਾ ਨੇ ਕੁਟਿਨਹੋ ਨਾਲ ਪਰਬਤੀ ਸ਼ਹਿਰ ਦਾ ਰੁਖ ਕੀਤਾ। ਵਿਧਾਨ ਸਭਾ ਚੋਣਾਂ 'ਚ ਸ਼ਰਮਿਲਾ ਦੀ ਪਾਰਟੀ 'ਪੀਪਲਜ਼ ਰੀਸਰਜੈਂਸ ਐਂਡ ਜਸਟਿਸ ਅਲਾਇੰਸ' ਬੁਰੀ ਤਰ੍ਹਾਂ ਨਾਲ ਹਾਰ ਗਈ ਸੀ।