ਕੋਰੋਨਾ ਨਾਲ ਜੰਗ : ਇੰਦੌਰ ਤੋਂ ਬੁਰੀ ਖ਼ਬਰ, ਥਾਣਾ ਮੁਖੀ ਦੀ ਮੌਤ

04/19/2020 3:02:16 PM

ਇੰਦੌਰ— ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਦੇਸ਼ ਵਿਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਵਿਡ-19 ਦੀ ਲਪੇਟ 'ਚ ਡਾਕਟਰਾਂ ਤੋਂ ਲੈ ਕੇ ਪੁਲਸ ਮੁਲਾਜ਼ਮ ਵੀ ਆ ਰਹੇ ਹਨ। ਉੱਥੇ ਹੀ ਮੱਧ ਪ੍ਰਦੇਸ਼ ਦਾ ਇੰਦੌਰ ਸ਼ਹਿਰ ਕੋਰੋਨਾ ਦਾ ਹਾਟ ਸਪਾਟ ਬਣਿਆ ਹੋਇਆ ਹੈ। ਸ਼ਹਿਰ ਵਿਚ ਕਈ ਕੋਰੋਨਾ ਵਾਰੀਅਰਸ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਇਸ ਦਰਮਿਆਨ ਇੰਦੌਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਥਾਣਾ ਮੁਖੀ ਦਵਿੰਦਰ ਕੁਮਾਰ ਚੰਦਰਵੰਸ਼ੀ ਦੀ ਮੌਤ ਹੋ ਗਈ। ਦਰਅਸਲ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦਵਿੰਦਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 48 ਸਾਲਾ ਦਵਿੰਦਰ 'ਜੂਨੀ ਪੁਲਸ ਸਟੇਸ਼ਨ' ਦੇ ਥਾਣਾ ਮੁਖੀ ਸਨ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਸ਼ਨੀਵਾਰ ਦੇਰ ਰਾਤ 2 ਵਜੇ ਦੇ ਕਰੀਬ ਮੌਤ ਹੋ ਗਈ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦਵਿੰਦਰ ਚੰਦਰਵੰਸ਼ੀ ਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਉਨ੍ਹਾਂ ਦੀ ਅੰਤਿਮ ਰਿਪੋਰਟ ਨੈਗੇਟਿਵ ਆਈ। ਇੰਦੌਰ ਰੇਂਜ ਦੇ ਡੀ. ਆਈ. ਜੀ. ਹਰੀਨਾਰਾਇਣਚਾਰੀ ਮਿਸ਼ਰਾ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਵੰਸ਼ੀ ਕੋਰੋਨਾ ਵਾਇਰਸ ਤੋਂ ਪੀੜਤ ਸਨ ਪਰ ਉਨ੍ਹਾਂ ਦੀ ਅੰਤਿਮ ਰਿਪੋਰਟ ਨੈਗੇਟਿਵ ਆਈ। ਉਹ ਠੀਕ ਹੋ ਰਹੇ ਸਨ ਪਰ ਕੱਲ ਰਾਤ ਅਚਾਨਕ ਉਹ ਫਿਰ ਤੋਂ ਬੀਮਾਰ ਪੈ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਓਧਰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੌਤ 'ਤੇ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਕੋਰੋਨਾ ਵਾਇਰਸ ਵਿਰੁੱਧ ਜੰਗ ਵਿਚ ਇੰਦੌਰ ਪੁਲਸ ਟੀਮ ਦੇ ਇਕ ਮੈਂਬਰ ਦਵਿੰਦਰ ਕੁਮਾਰ ਚੰਦਰਵੰਸ਼ੀ ਨੇ ਆਪਣੀ ਕੁਰਬਾਨੀ ਦਿੱਤੀ। ਮੈਂ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ। ਮੈਂ ਅਤੇ ਪੂਰਾ ਪ੍ਰਦੇਸ਼ ਇਸ ਔਖੀ ਘੜੀ ਵਿਚ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੇ ਹਾਂ। ਮੁੱਖ ਮੰਤਰੀ ਨੇ ਦਵਿੰਦਰ ਦੇ ਪਰਿਵਾਰਕ ਮੈਂਬਰਾਂ ਨੂੰ 50 ਲੱਖ ਰੁਪਏ ਅਤੇ ਉਨ੍ਹਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ 52 ਵਿਚੋਂ 25 ਜ਼ਿਲਿਆਂ 'ਚ ਹੁਣ ਤਕ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਇੰਦੌਰ ਹੈ, ਜਿੱਥੇ ਕੋਰੋਨਾ ਮਾਮਲਿਆਂ ਦੀ ਗਿਣਤੀ 891 ਹੋ ਗਈ ਹੈ।

Tanu

This news is Content Editor Tanu