ਕੋਵਿਡ-19 : ਇੰਦੌਰ ਦੇ ਈਦਗਾਹ ''ਚ 300 ਸਾਲਾਂ ''ਚ ਪਹਿਲੀ ਵਾਰ ਨਹੀਂ ਪੜ੍ਹੀ ਜਾ ਸਕੀ ਈਦ ਦੀ ਨਮਾਜ਼

05/25/2020 4:07:24 PM

ਇੰਦੌਰ- ਦੇਸ਼ 'ਚ ਕੋਵਿਡ-19 ਦੇ ਪ੍ਰਸਾਰ ਦਾ ਵੱਡਾ ਕੇਂਦਰ ਬਣੇ ਇੰਦੌਰ 'ਚ ਸੋਮਵਾਰ ਨੂੰ ਈਦ-ਉਲ-ਫਿਤਰ ਦਾ ਤਿਉਹਾਰ ਘਰਾਂ 'ਚ ਸਿਮਟ ਗਿਆ। ਬੀਤੇ 300 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਸ਼ਹਿਰ ਦੇ ਇਕ ਪ੍ਰਮੁੱਖ ਈਦਗਾਹ 'ਚ ਈਦ ਦੀ ਨਮਾਜ਼ ਨਹੀਂ ਪੜ੍ਹੀ ਜਾ ਸਕੀ। ਇਸ ਸ਼ਹਿਰ 'ਚ ਹਜ਼ਾਰਾਂ ਲੋਕਾਂ ਨੇ ਈਦ ਦੀ ਨਮਾਜ਼ ਆਪਣੇ ਘਰਾਂ 'ਚ ਹੀ ਅਦਾ ਕੀਤੀ ਅਤੇ ਇਸ ਤੋਂ ਬਾਅਦ ਇਕ-ਦੂਜੇ ਨੂੰ ਗਲੇ ਮਿਲਣ ਦੀ ਬਜਾਏ ਫੋਨ, ਵੀਡੀਓ ਕਾਲ ਅਤੇ ਸੋਸ਼ਲ ਮੀਡੀਆ ਰਾਹੀਂ ਇਸ ਤਿਉਹਾਰ ਦੀ ਮੁਬਾਰਕਬਾਦ ਦਿੱਤੀ। ਸ਼ਹਿਰ ਕਾਜੀ ਮੁਹੰਮਦ ਇਸ਼ਰਤ ਅਲੀ ਨੇ ਦੱਸਿਆ,''ਪਿਛਲੇ 300 ਸਾਲਾਂ 'ਚ ਈਦ 'ਤੇ ਪਹਿਲੀ ਵਾਰ ਅਜਿਹਾ ਮੌਕਾ ਇਆ ਹੈ, ਜਦੋਂ (ਕਰਫਿਊ ਕਾਰਨ) ਸ਼ਹਿਰ ਦੇ ਸਦਰ ਬਾਜ਼ਾਰ ਈਦਗਾਹ ਦੇ ਤਾਲੇ ਤੱਕ ਨਹੀਂ ਖੁੱਲ੍ਹੇ।'' ਅਲੀ ਨੇ ਕਿਹਾ,''ਕੋਵਿਡ-19 ਸਾਡੇ ਇਨਸਾਨਾਂ ਲਈ ਇਕ ਸਜ਼ਾ ਨਹੀਂ ਹੈ ਤਾਂ ਆਖਰ ਕੀ ਹੈ? ਦੁਨੀਆ ਭਰ 'ਚ ਹਰ ਧਰਮ ਦੇ ਇਬਾਦਤਗਾਹ ਬੰਦ ਪਏ ਹਨ। ਅਜਿਹੇ ਸਮੇਂ ਜ਼ਰੂਰਤ ਇਸ ਗੱਲ ਦੀ ਹੈ ਕਿ ਅਸੀਂ ਇਨਸਾਨੀਅਤ ਦਾ ਮਾਹੌਲ ਅਤੇ ਭਾਈਚਾਰਾ ਬਣਾਏ ਰੱਖੀਏ।''

ਇਸ ਵਿਚ ਪੁਲਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰਾਂ ਨੇ ਸ਼ਹਿਰ ਕਾਜੀ ਦੇ ਘਰ ਜਾ ਕੇ ਉਨ੍ਹਾਂ ਨੂੰ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੱਤੀ। ਹਾਲਾਂਕਿ ਇਸ ਦੌਰਾਨ ਵੀ ਸ਼ਹਿਰ ਕਾਜੀ ਅਤੇ ਅਫ਼ਸਰਾਂ ਨੂੰ ਸਰੀਰਕ ਦੂਰੀ ਦੀਆਂ ਹਿਦਾਇਤਾਂ ਦਾ ਪਾਲਣ ਕਰਦੇ ਦੇਖਿਆ ਗਿਆ। ਈਦ ਦੇ ਤਿਉਹਾਰ 'ਤੇ ਸ਼ਾਂਤੀ ਅਤੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ-ਕਰਮਚਾਰੀ ਤਾਇਨਾਤ ਰਹੇ। ਕੋਵਿਡ-19 ਦਾ ਪ੍ਰਕੋਪ ਕਾਇਮ ਰਹਿਣ ਕਾਰਨ ਇੰਦੌਰ ਜ਼ਿਲ੍ਹਾ ਹੁਣ ਵੀ ਰੈੱਡ ਜ਼ੋਨ 'ਚ ਬਣਿਆ ਹੋਇਆ ਹੈ। ਅਧਿਕਾਰਤ ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਹੁਣ ਤੱਕ ਇਸ ਮਹਾਮਾਰੀ ਦੇ 3,064 ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ 116 ਮਰੀਜ਼ਾਂ ਦੀ ਇਲਾਜ ਦੌਰਾਨ ਮੌਤ ਹੋ ਚੁਕੀ ਹੈ। ਕੋਰੋਨਾ ਵਾਇਰਸ ਦਾ ਇਨਫੈਕਸ਼ਨ ਰੋਕਣ ਲਈ ਪ੍ਰਸ਼ਾਸਨ ਨੇ ਇੰਦੌਰ ਦੀ ਸ਼ਹਿਰੀ ਸਰਹੱਦ 'ਚ 25 ਮਾਰਚ ਤੋਂ ਕਰਫਿਊ ਲੱਗਾ ਰੱਖਿਆ ਹੈ, ਜਦੋਂ ਜ਼ਿਲ੍ਹੇ ਦੇ ਹੋਰ ਸਥਾਨਾਂ 'ਤੇ ਕੁਝ ਛੋਟ ਨਾਲ ਲਾਕਡਾਊਨ ਲਾਗੂ ਹੈ।

DIsha

This news is Content Editor DIsha