ਭਾਰਤ-ਬਹਿਰੀਨ ਨੇ ਪੁਲਾੜ ਟੈਕਨਾਲੋਜੀ, ਸੱਭਿਆਚਾਰ ਆਦਾਨ-ਪ੍ਰਦਾਨ ’ਤੇ ਕੀਤੇ ਕਰਾਰ

08/25/2019 8:07:56 AM

ਮਨਾਮਾ (ਭਾਸ਼ਾ)- ਭਾਰਤ ਅਤੇ ਬਹਿਰੀਨ ਨੇ ਸ਼ਨੀਵਾਰ ਨੂੰ ਪੁਲਾੜ ਟੈਕਨਾਲੋਜੀ, ਸੌਰ ਊਰਜਾ ਅਤੇ ਸੱਭਿਆਚਾਰ ਆਦਾਨ-ਪ੍ਰਦਾਨ ਦੇ ਖੇਤਰਾਂ ’ਚ ਸਹਿਯੋਗ ’ਤੇ ਸਹਿਮਤੀ ਜਤਾਈ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੋ ਪੱਖੀ ਸਬੰਧਾਂ ਨੂੰ ਵਿਸਥਾਰ ਦੇਣ ਲਈ ਬਹਿਰੀਨ ਦੇ ਪ੍ਰਧਾਨ ਮੰਤਰੀ ਸ਼ਹਿਜ਼ਾਦੇ ਖਲੀਫਾ ਬਿਨ ਸਲਮਾਨ ਅਲ ਖਲੀਫਾ ਨਾਲ ਗੱਲਬਾਤ ਕੀਤਾ। ਬਹਿਰੀਨ ਦਾ ਯਾਤਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਹਿਜ਼ਾਦੇ ਖਲੀਫਾ ਦੀ ਮੌਜੂਦਗੀ ’ਚ ਸੱਭਿਆਚਾਰ, ਪੁਲਾੜ ਟੈਕਨਾਲੋਜੀ ਆਦਿ ਖੇਤਰਾਂ ’ਚ ਸਹਿਮਤੀ ਪੱਤਰਾਂ ’ਤੇ ਦਸਤਖਤ ਕੀਤੇ।

ਇਹ ਯਾਤਰਾ ਇਸ ਲਈ ਵੀ ਖਾਸ ਹੈ ਕਿਉਂਕਿ ਮੋਦੀ ਇਸ ਮੁਸਲਿਮ ਦੇਸ਼ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਬਹਿਰੀਨ 'ਚ ਭਾਸ਼ਣ ਦੌਰਾਨ ਮੋਦੀ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦਿਹਾਂਤ 'ਤੇ ਦੁੱਖ ਪ੍ਰਗਟਾਇਆ। ਉਨ੍ਹਾਂ ਭਾਵੁਕ ਸ਼ਬਦਾਂ 'ਚ ਕਿਹਾ ਕਿ ਉਹ ਬਹੁਤ ਦੂਰ ਬੈਠੇ ਹਨ ਤੇ ਉਨ੍ਹਾਂ ਦਾ ਦੋਸਤ ਜੋ ਪੜ੍ਹਾਈ ਕਰਨ ਦੇ ਨਾਲ-ਨਾਲ ਰਾਜਨੀਤੀ 'ਚ ਵੀ ਉਨ੍ਹਾਂ ਨਾਲ ਹਮੇਸ਼ਾ ਰਿਹਾ, ਉਹ ਸਭ ਨੂੰ ਛੱਡ ਕੇ ਚਲਾ ਗਿਆ ਹੈ। ਉਨ੍ਹਾਂ ਵਿਦੇਸ਼ ਦੌਰੇ ਦੌਰਾਨ ਅਰੁਣ ਜੇਤਲੀ ਦੇ ਪਰਿਵਾਰ ਨਾਲ ਆਪਣਾ ਦੁੱਖ ਸਾਂਝਾ ਕੀਤਾ।