ਭਾਰਤੀ ਇਨ੍ਹਾਂ 16 ਦੇਸ਼ਾਂ ਦੀ ਕਰ ਸਕਦੇ ਹਨ ਵੀਜ਼ਾ-ਫ੍ਰੀ ਯਾਤਰਾ

09/24/2020 12:05:55 AM

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਅੱਜ ਰਾਜ ਸਭਾ ਵਿਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ ਕਿ ਦੁਨੀਆ ਦੇ 16 ਅਜਿਹੇ ਦੇਸ਼ ਹਨ, ਜਿਥੇ ਦੀ ਯਾਤਰਾ ਕਰਨ ਲਈ ਪਾਸਪੋਰਟ ਧਾਰਕ ਭਾਰਤੀਆਂ ਨੂੰ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ ਹੈ। ਇਨਾਂ ਦੇਸ਼ਾਂ ਵਿਚ ਨੇਪਾਲ, ਮਾਲਦੀਵ, ਭੂਟਾਨ ਅਤੇ ਮਾਰੀਸ਼ਸ ਜਿਹੇ ਦੇਸ਼ ਸ਼ਾਮਲ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਅੱਜ ਸਦਨ ਨੂੰ ਇਸ ਦੀ ਜਾਣਕਾਰੀ ਦਿੱਤੀ।

ਜਿਨਾਂ ਦੇਸ਼ਾਂ ਦੀ ਯਾਤਰਾ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਹੁੰਦੀ, ਉਹ ਹਨ- ਬਾਰਬਾਡੋਸ, ਭੂਟਾਨ, ਡੋਮੀਨਿਕਾ, ਗ੍ਰੇਨਾਡਾ, ਹੈਤੀ, ਹਾਂਗਕਾਂਗ, ਮਾਲਦੀਵ, ਮਾਰੀਸ਼ਸ, ਮੋਂਟਸੇਰਾਟ, ਨੇਪਾਲ, ਨਿਊ ਦੀਪ, ਸਮੋਆ, ਸੇਨੇਗਲ, ਤ੍ਰਿਨੀਦਾਦ ਅਤੇ ਟੋਬੈਗੋ, ਸੈਂਟ ਵਿੰਸੇਂਟ ਅਤੇ ਗ੍ਰੇਨੇਡਾਇੰਸ ਅਤੇ ਸਰਬੀਆ। ਰਾਜ ਸਭਾ ਨੂੰ ਇਕ ਲਿਖਤ ਜਵਾਬ ਵਿਚ ਮੁਰਲੀਧਰਨ ਨੇ ਦੱਸਿਆ ਕਿ 43 ਦੇਸ਼ ਵੀਜ਼ਾ-ਆਨ-ਅਰਾਈਵਲ ਸੁਵਿਧਾ ਪ੍ਰਦਾਨ ਕਰਦੇ ਹਨ ਅਤੇ 36 ਦੇਸ਼ ਭਾਰਤੀ ਸਾਧਾਰਣ ਪਾਸਪੋਰਟ ਧਾਰਕਾਂ ਨੂੰ ਈ-ਵੀਜ਼ਾ ਸੁਵਿਧਾ ਪ੍ਰਦਾਨ ਕਰਦੇ ਹਨ।

ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਈਰਾਨ, ਇੰਡੋਨੇਸ਼ੀਆ ਅਤੇ ਮਿਆਂਮਾਰ ਉਨਾਂ ਦੇਸ਼ਾਂ ਵਿਚੋਂ ਹਨ, ਜੋ ਵੀਜ਼ਾ-ਆਨ-ਅਰਾਈਵਲ ਸੁਵਿਧਾ ਪ੍ਰਦਾਨ ਕਰਦੇ ਹਨ ਅਤੇ ਸ਼੍ਰੀਲੰਕਾ, ਨਿਊਜ਼ੀਲੈਂਡ ਅਤੇ ਮਲੇਸ਼ੀਆ ਉਨਾਂ 26 ਦੇਸ਼ਾਂ ਦੇ ਸਮੂਹ ਵਿਚ ਹਨ, ਜਿਨ੍ਹਾਂ ਕੋਲ ਈ-ਵੀਜ਼ਾ ਸੁਵਿਧਾ ਹੈ। ਸਰਕਾਰ ਅੰਤਰਰਾਸ਼ਟਰੀ ਯਾਤਰਾ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਭਾਰਤੀਆਂ ਨੂੰ ਵੀਜ਼ਾ ਮੁਕਤ ਯਾਤਰਾ, ਵੀਜ਼ਾ-ਆਨ-ਅਰਾਈਵਲ ਅਤੇ ਈ-ਵੀਜ਼ਾ ਸੁਵਿਧਾ ਪ੍ਰਦਾਨ ਕਰਨ ਵਾਲੇ ਦੇਸ਼ਾਂ ਦੀ ਗਿਣਤੀ ਵਧਾਉਣ ਦੇ ਯਤਨ ਕਰ ਰਹੀ ਹੈ।

Khushdeep Jassi

This news is Content Editor Khushdeep Jassi