ਗੂਗਲ ਨੂੰ ਭਾਰਤੀ ਮਸਾਲਿਆਂ ’ਚ ਗਾਂ ਦੇ ਗੋਹਾ-ਮੂਤਰ ਬਾਰੇ ਦਾਅਵਿਆਂ ਸਬੰਧੀ ਵੀਡੀਓ ਯੂ-ਟਿਊਬ ਤੋਂ ਹਟਾਉਣ ਦੇ ਹੁਕਮ

05/06/2023 1:23:56 PM

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇੰਟਰਨੈੱਟ ਦੀ ਦਿੱਗਜ਼ ਕੰਪਨੀ ਗੂਗਲ ਨੂੰ ਹੁਕਮ ਦਿੱਤਾ ਹੈ ਕਿ ਉਹ ਯੂ-ਟਿਊਬ ਤੋਂ ਅਜਿਹੇ ‘ਮਾਣਹਾਨੀ ਵਾਲੇ’ ਵੀਡੀਓ ’ਤੇ ਪਾਬੰਦੀ ਲਾਏ ਜਾਂ ਹਟਾਏ, ਜਿਸ ’ਚ ‘ਕੈਚ’ ਸਮੇਤ ਪ੍ਰਮੁੱਖ ਬ੍ਰਾਂਡ ਨੂੰ ਇਹ ਦਾਅਵਾ ਕਰਦਿਆਂ ਨਿਸ਼ਾਨਾ ਬਣਾਇਆ ਗਿਆ ਹੈ ਕਿ ਇਸ ਵਿਚ ਗਾਂ ਦਾ ਗੋਹਾ ਜਾਂ ਮੂਤਰ ਮਿਲਾਇਆ ਗਿਆ ਹੈ।

ਹਾਈ ਕੋਰਟ ਨੇ ਕਿਹਾ ਕਿ ਪ੍ਰਤੀਵਾਦੀਆਂ (ਜਵਾਬਦੇਹੀ ਪੱਖ) ਵੱਲੋਂ ਇਸ ਤਰ੍ਹਾਂ ਦੇ ਵੀਡੀਓ ਬਣਾਉਣਾ ਅਤੇ ਅਪਲੋਡ ਕਰਨਾ ‘ਕੈਚ’ ਬ੍ਰਾਂਡ ਵਾਲੇ ਮੁਦੱਈ ਦੇ ਉਤਪਾਦ ਨੂੰ ‘ਜਾਣਬੁੱਝ ਕੇ ਬਦਨਾਮ ਅਤੇ ਅਪਮਾਨਿਤ ਕਰਨ ਦਾ ਯਤਨ ਹੈ।’ ਜਸਟਿਸ ਸੰਜੀਵ ਨਰੂਲਾ ਨੇ ਕਿਹਾ ਕਿ ਯੂ-ਟਿਊਬ ’ਤੇ ਉਪਲਬਧ ਅਜਿਹੇ ਵੀਡੀਓ ’ਤੇ ਟਿੱਪਣੀਆਂ ਦੇਖਣ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਝੂਠੇ ਬਿਆਨਾਂ ’ਤੇ ਭਰੋਸਾ ਦਿਵਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਮੁੱਦਈ (ਧਰਮਪਾਲ ਸੱਤਿਆਪਾਲ ਸਨਜ਼ ਪ੍ਰਾਈਵੇਟ ਲਿਮਟਿਡ) ਨੂੰ ਭਾਰੀ ਨੁਕਸਾਨ ਉਠਾਉਣਾ ਪੈ ਰਿਹਾ ਹੈ। ਕਥਿਤ ਤੌਰ ’ਤੇ ਵੀਡੀਓ ਅਪਲੋਡ ਕਰਨ ਵਾਲੇ ਦੋ ਪ੍ਰਤੀਵਾਦੀਆਂ ’ਤੇ ਅਦਾਲਤ ਨੇ ਇਕਤਰਫਾ ਕਾਰਵਾਈ ਕੀਤੀ ਕਿਉਂਕਿ ਉਹ ਸੁਣਵਾਈ ’ਚ ਸ਼ਾਮਲ ਨਹੀਂ ਹੋਏ। ਅਦਾਲਤ ਨੂੰ ਗੂਗਲ ਦੇ ਵਕੀਲ ਵੱਲੋਂ ਸੂਚਿਤ ਕੀਤਾ ਗਿਆ ਕਿ ਉਸ ਦੇ ਪਹਿਲੇ ਹੁਕਮਾਂ ਦੀ ਪਾਲਣਾ ਕਰਦਿਆਂ ਕਾਰਵਾਈ ਕੀਤੀ ਗਈ ਅਤੇ ਮਾਮਲੇ ਨਾਲ ਸਬੰਧਿਤ ਤਿੰਨ ਵੀਡੀਓ ਹਟਾਏ ਗਏ ਹਨ।

Rakesh

This news is Content Editor Rakesh