ਪਾਕਿ 'ਤੇ 'ਬਾਜ਼' ਵਾਂਗ ਨਜ਼ਰ ਰੱਖਣ ਲਈ ਭਾਰਤ ਕਰ ਰਿਹੈ ਸੈਟੇਲਾਈਟ ਉਤਾਰਨ ਦੀ ਤਿਆਰੀ

04/30/2019 4:32:05 PM

ਨਵੀਂ ਦਿੱਲੀ— ਪਾਕਿਸਤਾਨ ਅਤੇ ਉਸ ਦੇ ਅੱਤਵਾਦੀ ਟਿਕਾਣਿਆਂ 'ਤੇ ਤਿੱਖੀ 'ਬਾਜ਼' ਦੀ ਨਜ਼ਰ ਰੱਖਣ ਲਈ ਭਾਰਤ ਕਈ ਨਵੇਂ ਸੈਟੇਲਾਈਟ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਕਾਇਦਾ ਇਸ ਲਈ ਰੂਪ-ਰੇਖਾ ਨੂੰ ਤਿਆਰ ਵੀ ਕਰ ਲਿਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਗਲੇ 5 ਮਹੀਨਿਆਂ ਦੇ ਅੰਦਰ 5 ਅਜਿਹੇ ਸੈਟੇਲਾਈਨ ਨੂੰ ਲਾਂਚ ਕਰੇਗਾ, ਜਿਸ ਨਾਲ ਪਾਕਿਸਤਾਨ ਸਮੇਤ ਧਰਤੀ ਦੇ ਕਈ ਹਿੱਸਿਆਂ 'ਤੇ ਨਜ਼ਰ ਰੱਖੀ ਜਾ ਸਕੇਗੀ। ਇਨ੍ਹਾਂ ਵਿਚੋਂ ਚਾਰ ਸੈਟੇਲਾਈਟ ਰੀ-ਸੈਟ ਸ਼੍ਰੇਣੀ ਦੇ ਹਨ। ਇਸ ਤੋਂ ਇਲਾਵਾ ਤਿੰਨ ਹੋਰ ਸੈਟੇਲਾਈਟ ਵੀ ਲਾਂਚਿੰਗ ਦੇ ਕਤਾਰ ਵਿਚ ਖੜ੍ਹੇ ਹਨ, ਜੋ ਕਿ ਜੀ-ਸੈਟ ਦੇ ਹਨ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿਚ ਕੀਤੇ ਗਏ ਸਰਜੀਕਲ ਸਟਰਾਈਕ ਲਈ ਇਨ੍ਹਾਂ ਸੈਟੇਲਾਈਟ ਤੋਂ ਖੁਫੀਆ ਜਾਣਕਾਰੀ ਇਕੱਠੀ ਕੀਤੀ ਗਈ ਸੀ। ਹਾਲਾਂਕਿ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ।

ਰੀ-ਸੈਟ ਸੈਟੇਲਾਈਟ ਤੋਂ ਕਿਸੇ ਵੀ ਮੌਸਮ ਵਿਚ ਧਰਤੀ ਦੀਆਂ ਤਸਵੀਰਾਂ ਲਈਆਂ ਜਾ ਸਕਦੀਆਂ ਹਨ। ਰੀ-ਸੈਟ ਸੀਰੀਜ਼ ਦੇ ਸੈਟੇਲਾਈਟ ਦੀ ਲੋੜ 26/11 ਅੱਤਵਾਦੀ ਘਟਨਾ ਹੋਣ ਤੋਂ ਬਾਅਦ ਮਹਿਸੂਸ ਕੀਤੀ ਗਈ ਸੀ। ਇਸ ਨੂੰ ਇਸਰੋ ਨੇ 26 ਅਪ੍ਰੈਲ 2012 ਨੂੰ ਲਾਂਚ ਕੀਤਾ ਸੀ। ਉੱਥੇ ਹੀ ਕਾਰਟੋਸੈਟ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਹੈ, ਜਿਸ ਤੋਂ ਧਰਤੀ ਦੇ ਕਿਸੇ ਵੀ ਹਿੱਸੇ ਦੀ ਸਭ ਤੋਂ ਸਾਫ ਤਸਵੀਰ ਲਈ ਜਾ ਸਕਦੀ ਹੈ। ਇੱਥੋਂ ਤਕ ਕਿਹਾ ਜਾਂਦਾ ਹੈ ਕਿ ਇਸ ਨਾਲ ਧਰਤੀ 'ਤੇ ਖੜ੍ਹੇ ਕਿਸੇ ਵਿਅਕਤੀ ਦੇ ਗੁੱਟ 'ਤੇ ਬੱਝੀ ਘੜੀ ਦੇ ਸਮੇਂ ਨੂੰ ਦੇਖਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 5 ਸੈਟੇਲਾਈਟ ਦੀ ਵਰਤੋਂ ਖੁਫੀਆ ਜਾਣਕਾਰੀ ਰੱਖਣ ਅਤੇ ਸਰਹੱਦ 'ਤੇ ਚੌਕਸੀ ਵਧਾਉਣ ਲਈ ਕੀਤਾ ਜਾਵੇਗਾ। ਜੀ-ਸੈਟ ਸੀਰੀਜ਼ ਦੇ 14 ਸੈਟੇਲਾਈਟ ਇਸ ਸਮੇਂ ਪੁਲਾੜ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਦੀ ਵਰਤੋਂ ਸੰਚਾਰ ਲਈ ਕੀਤੀ ਜਾਂਦੀ ਹੈ, ਜਿਸ ਵਿਚੋਂ ਕੁਝ ਸੈਟੇਲਾਈਟ ਦੀ ਵਰਤੋਂ ਫੌਜ ਵੀ ਆਪਣੇ ਸੰਚਾਰ ਲਈ ਕਰਦੀ ਹੈ।

Tanu

This news is Content Editor Tanu