ਅਮਰੀਕਾ ''ਚ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਭਾਰਤੀ ਖਿਡਾਰੀ

08/03/2017 11:39:37 PM

ਵਾਸ਼ਿੰਗਟਨ- ਭਾਰਤ ਦੇ ਇਕ 24 ਸਾਲਾ ਖਿਡਾਰੀ ਨੂੰ ਅਮਰੀਕਾ ਵਿਚ ਇਕ ਨਾਬਾਲਗ ਕੁੜੀ ਦੇ ਸੈਕਸ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਹੈ। ਇਹ ਖਿਡਾਰੀ ਇਕ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਲਈ ਕਸ਼ਮੀਰ ਤੋਂ ਇਥੇ ਆਇਆ ਸੀ। ਤਨਵੀਰ ਹੁਸੈਨ ਨਾਮੀ ਉਕਤ ਖਿਡਾਰੀ ਨੂੰ ਪਿਛਲੇ ਹਫਤੇ ਐਸੈਕਸ ਦੀ ਇਕ ਕਾਊਂਟੀ ਅਦਾਲਤ ਨੇ 12 ਸਾਲ ਦੀ ਇਕ ਕੁੜੀ ਨਾਲ ਕਥਿਤ ਤੌਰ 'ਤੇ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਮੰਨਿਆ । ਅਦਾਲਤ ਨੇ ਉਸ ਨੂੰ ਸੈਕਸ ਸ਼ੋਸ਼ਣ ਅਤੇ ਬਾਲ ਕਲਿਆਣ ਨੂੰ ਖਤਰਾ ਪਹੁੰਚਾਉਣ ਦੇ ਦੋਸ਼ਾਂ ਦਾ ਵੀ ਦੋਸ਼ੀ ਮੰਨਿਆ ਹੈ। ਉਸ ਨੂੰ ਇਸ ਸਾਲ ਮਾਰਚ ਵਿਚ ਇਸ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਸੀ। ਸਥਾਨਕ ਡਿਵੇ ਮਾਊਂਟੇਨ ਰੀਕ੍ਰਿਏਸ਼ਨ ਸੈਂਟਰ ਵਿਖੇ ਵਰਲਡ ਸਨੋਸ਼ੂ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਉਹ ਆਇਆ ਸੀ। ਨਾਬਾਲਗ ਕੁੜੀ ਨੇ ਪੁਲਸ ਨੂੰ ਦਸਿਆ ਕਿ ਇਸ ਸਾਲ ਫਰਵਰੀ ਮਹੀਨੇ ਵਿਚ ਹੁਸੈਨ ਨੇ ਉਸ ਨੂੰ ਦੋ ਵਾਰ ਕਿੱਸ ਕਰਦੇ ਫੜ ਲਿਆ। 
ਹੁਸੈਨ ਨੇ ਪਹਿਲਾਂ ਤਾਂ ਦੋਸ਼ਾਂ ਦਾ ਖੰਡਨ ਕੀਤਾ ਅਤੇ ਫਿਰ ਉਸ ਸਮਝੌਤੇ ਨੂੰ ਵੀ ਰੱਦ ਕਰ ਦਿੱਤਾ ਜਿਸ ਅਧੀਨ ਉਹ ਭਾਰਤ ਆ ਸਕਦਾ ਸੀ। ਉਸ ਨੇ ਕਿਹਾ ਸੀ ਕਿ ਉਹ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨਾ ਚਾਹੁੰਦਾ ਹੈ। ਹੁਸੈਨ ਦੇ ਵਕੀਲ ਨੇ ਕਿਹਾ ਕਿ ਉਹ ਦੁਖੀ ਹੈ ਕਿ ਉਸ ਨੂੰ ਦੱਸਣ ਤੋਂ ਪਹਿਲਾਂ ਹੀ ਇਸ ਖਬਰ ਨੂੰ ਮੀਡੀਆ ਲਈ ਜਾਰੀ ਕਰ ਦਿੱਤਾ ਗਿਆ। ਹੁਸੈਨ ਅਮਰੀਕਾ ਆਉਣ ਤੋਂ ਪਹਿਲਾਂ ਕਾਫੀ ਚਰਚਿਤ ਰਿਹਾ ਸੀ। ਦਿੱਲੀ ਵਿਚ ਅਮਰੀਕੀ ਦੂਤਘਰ ਨੇ ਉਸ ਨੂੰ ਵੀਜ਼ਾ ਦੇਣ ਤੋਂ ਵੀ ਇਕ ਵਾਰ ਨਾਂਹ ਕਰ ਦਿੱਤੀ ਸੀ।