ਝੂਠੀ ਪਛਾਣ ਦਿਖਾ ਕੇ ਆਸਟ੍ਰੇਲੀਆ ਦੀ ਨਾਗਰਿਕਤਾ ਲੈਣ ਵਾਲੇ ਭਾਰਤੀ ਨੂੰ ਸਜ਼ਾ

02/01/2018 12:21:17 AM

ਕੈਨਬਰਾ—ਇਕ ਭਾਰਤੀ ਮੂਲ ਦੇ ਵਿਅਕਤੀ 'ਤੇ ਆਸਟ੍ਰੇਲੀਅਨ ਇੰਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗਿਆ ਹੈ ਜੋ ਕਿ ਪਿਛਲੇ 11 ਸਾਲਾਂ ਤੋਂ ਗਲਤ ਪੱਛਾਣ ਨਾਲ ਆਸਟ੍ਰੇਲੀਆ 'ਚ ਰਹਿ ਰਿਹਾ ਸੀ। ਪਰਮਜੀਤ ਗਾਬਾ ਨਾਂ ਦਾ ਇਹ ਭਾਰਤੀ ਵਿਅਕਤੀ ਸੰਨ 1999 'ਚ ਆਸਟ੍ਰੇਲੀਆ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਆਇਆ ਸੀ। ਉਸ ਵੇਲੇ ਇਸ ਦਾ ਨਾਂ ਅਜੇ ਕੁਮਾਰ ਸੀ। 2001 'ਚ ਪਰਮਜੀਤ ਗਾਬਾ ਉਰਫ ਅਜੇ ਕੁਮਾਰ ਨੇ ਪ੍ਰੋਟੈਕਸ਼ਨ ਵੀਜ਼ਾ ਲਈ ਅਪਲਾਈ ਕੀਤਾ ਸੀ ਪਰ ਉਸ ਨੂੰ ਪ੍ਰੋਟੈਕਸ਼ਨ ਵੀਜ਼ਾ ਨਹੀਂ ਦਿੱਤਾ ਗਿਆ। 2003 'ਚ ਉਹ ਵਾਪਸ ਭਾਰਤ ਆ ਗਿਆ ਸੀ ਪਰ 4 ਸਾਲ ਬਾਅਦ ਉਹ ਆਪਣੀ ਪਤਨੀ ਤੇ ਨਿਰਭਰ ਹੋਣ ਵਜੋਂ ਪਰਮਜੀਤ ਦੇ ਤੌਰ 'ਤੇ ਪਛਾਣ ਬਣਾ ਕੇ ਆਸਟ੍ਰੇਲੀਆ ਵਾਪਸ ਆ ਗਿਆ। ਉਸ ਨੂੰ 2013 'ਚ ਆਸਟ੍ਰੇਲੀਆ ਦੀ ਨਾਗਰਿਕਤਾ ਵੀ ਦਿੱਤੀ ਗਈ ਸੀ।

ਉਸ ਨੇ ਆਪਣਾ ਨਾਂ ਪਰਮਜੀਤ ਗਾਬਾ ਰੱਖ ਲਿਆ ਸੀ। ਜਦ ਉਹ ਸਿਡਨੀ 'ਚ ਟੈਕਸੀ ਚਾਲਕ ਵਜੋਂ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ ਤਾਂ ਨਿਊ ਸਾਊਥ ਵੇਲਸ ਰੋਡ ਅਤੇ ਮੈਰੀਟਾਈਮ ਸਰਵਿਸ ਨੇ 2016 'ਚ ਉਸ ਵਿਰੁੱਧ ਵਾਰੰਟ ਜਾਰੀ ਕਰ ਦਿੱਤਾ। ਉਸ 'ਤੇ ਸਬੂਤਾਂ ਨੂੰ ਲੁਕਾਉਣ ਅਤੇ ਗਲਤ ਬਿਆਨ ਹੋਣ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਹ ਮੁਕਮੱਦਾ ਆਸਟ੍ਰੇਲੀਆ ਵਿਭਾਗ ਵੱਲੋਂ ਚਲਾਇਆ ਗਿਆ। ਮੰਗਲਵਾਰ ਨੂੰ ਪਰਮਜੀਤ ਗਾਬਾ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦਾ ਦੋਸ਼ੀ ਪਾਇਆ ਗਿਆ। ਜੱਜ ਨੇ ਗਾਬਾ ਨੂੰ ਕਿਹਾ ਕਿ ਉਸ ਨੇ ਆਪਣੇ ਆਪ ਨੂੰ ਸਿਸਟਮ ਨੂੰ ਧੋਖਾ ਦੇਣ ਤਿਆਰ ਤਾਂ ਕੀਤਾ ਹੀ ਨਾਲ ਹੀ ਇਸ ਕਾਰਵਾਈ ਨੂੰ ਅਮਲ 'ਚ ਵੀ ਲਿਆਂਦਾ। ਜੱਜ ਨੇ ਗਾਬਾ ਨੂੰ 100 ਘੰਟੇ ਦੀ ਸਮਾਜ ਸੇਵਾ ਦੀ ਸਜ਼ਾ ਸੁਣਾਈ ਹੈ। ਉਸ ਨੂੰ 7 ਦਿਨ ਦੇ ਅੰਦਰ-ਅੰਦਰ ਕਮਿਊਨਿਟੀ ਜ਼ਿਲ੍ਹਾ ਦਫਤਰ 'ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਅਦਾਲਤ ਦੇ ਹੁਕਮ ਦੀ ਪਾਲਣਾ ਹੋ ਸਕੇ।