ਮਸ਼ਹੂਰ ਜਾਦੂਗਰ ਹੁਡਿਨੀ ਦਾ ਮਸ਼ਹੂਰ ਟ੍ਰਿਕ ਦੁਹਰਾਉਣ ਦੇ ਯਤਨ ’ਚ ਡੁੱਬਿਆ ਭਾਰਤੀ ਜਾਦੂਗਰ ਮੈਂਡ੍ਰੇਕ

06/18/2019 12:19:51 PM

ਕੋਲਕਾਤਾ–ਦੁਨੀਆ ਦੇ ਮਸ਼ਹੂਰ ਜਾਦੂਗਰਾਂ ’ਚ ਸ਼ਾਮਲ ਅਮਰੀਕੀ ਜਾਦੂਗਰ ਹੈਰੀ ਹੁਡਿਨੀ ਦੇ ਇਕ ਅਨੋਖੇ ਜਾਦੂਈ ਕਰਤੱਬ ਨੂੰ ਦੁਹਰਾਉਣ ਦੀ ਕੋਸ਼ਿਸ਼ ’ਚ ਕੋਲਕਾਤਾ ਦਾ ਇਕ ਜਾਦੂਗਰ ਐਤਵਾਰ ਨੂੰ ਹੁਗਲੀ ਨਦੀ ’ਚ ਡੁੱਬ ਗਿਆ। ਮੈਂਡ੍ਰੇਕ ਦੇ ਨਾਂ ਨਾਲ ਮਸ਼ਹੂਰ ਜਾਦੂਗਰ ਚੰਚਲ ਲਾਹਿੜੀ (40) ਨੇ ‘ਹੁਡਿਨੀ ਟ੍ਰਿਕ’ ਨਾਂ ਨਾਲ ਪ੍ਰਸਿੱਧ ਜਾਦੂਈ ਕਰਤੱਬ ਨੂੰ ਦੁਹਰਾਉਣ ਲਈ ਖੁਦ ਨੂੰ ਇਕ ਸ਼ੀਸ਼ੇ ਦੇ ਪਿੰਜਰੇ ’ਚ ਬੰਦ ਕਰ ਲਿਆ। 6 ਮਜ਼ਬੂਤ ਤਾਲਿਆਂ ਵਾਲੇ ਪਿੰਜਰੇ ਨੂੰ ਕ੍ਰੇਨ ਦੀ ਮਦਦ ਨਾਲ ਨਦੀ ਦੇ ਵਿਚਕਾਰ ਤੇਜ਼ ਪ੍ਰਵਾਹ ’ਚ ਉਤਾਰਿਆ ਗਿਆ। ਇਸ ਦੌਰਾਨ ਲਾਹਿੜੀ ਦੀਆਂ ਅੱਖਾਂ ’ਤੇ ਪੱਟੀ ਬੱਝੀ ਸੀ ਅਤੇ ਹੱਥ-ਪੈਰ ਵੀ ਬੰਨ੍ਹੇ ਹੋਏ ਸਨ।

ਜਾਦੂਗਰ ਹੁਡਿਨੀ ਨਾਲ ਮਸ਼ਹੂਰ ਹੋਏ ਇਸ ਟ੍ਰਿਕ ’ਚ ਜਾਦੂਗਰ ਖੁਦ ਨੂੰ ਇਕ ਪਿੰਜਰੇ ’ਚ ਬੰਦ ਕਰ ਲੈਂਦਾ ਹੈ ਅਤੇ ਇਹ ਪਿੰਜਰਾ ਪਾਣੀ ’ਚ ਡੁਬੋ ਦਿੱਤਾ ਜਾਂਦਾ ਹੈ। ਫਿਰ ਜਾਦੂਗਰ ਆਪਣੇ ਹੁਨਰ ਨਾਲ ਬਿਨਾਂ ਕਿਸੇ ਚਾਬੀ ਦੀ ਮਦਦ ਤੋਂ ਇਸ ਡੱਬੇ ’ਚੋਂ ਬਾਹਰ ਆ ਜਾਂਦਾ ਹੈ। ਹੁਡਿਨੀ ਨੇ ਲਗਭਗ 100 ਸਾਲ ਪਹਿਲਾਂ ਇਹ ਖੇਡ ਦਿਖਾ ਕੇ ਜਾਦੂ ਦੀ ਦੁਨੀਆ ’ਚ ਆਪਣਾ ਨਾਂ ਅਮਰ ਕਰ ਲਿਆ ਸੀ। ਹਾਲਾਂਕਿ ਮੈਂਡ੍ਰੇਕ ਅਜਿਹਾ ਕਰਤੱਬ ਪਹਿਲੀ ਵਾਰ ਨਹੀਂ ਕਰ ਰਿਹਾ ਸੀ। ਉਹ 2013 ’ਚ ਵੀ ਇਸ ਨੂੰ ਅੰਜਾਮ ਦੇ ਚੁੱਕਾ ਸੀ ਅਤੇ ਸ਼ਾਇਦ ਇਸੇ ਭਰੋਸੇ ਉਸ ਨੇ ਮੁੜ ਇਹ ਖਤਰਾ ਮੁੱਲ ਲਿਆ ਪਰ ਸ਼ਾਇਦ ਇਸ ਵਾਰ ਕਿਸਮਤ ਨੂੰ ਇਹ ਮਨਜ਼ੂਰ ਨਹੀਂ ਸੀ। ਇਸ ਵਾਰ ਵੀ ਉਹ ਪਾਣੀ ’ਚ ਉਤਰਿਆ ਪਰ ਵਾਪਸ ਨਹੀਂ ਆ ਸਕਿਆ। ਉਸ ਦੇ ਨਦੀ ’ਚ ਜਾਣ ਤੋਂ ਕਾਫੀ ਦੇਰ ਬਾਅਦ ਜਦੋਂ ਉਹ ਵਾਪਸ ਨਹੀਂ ਆਇਆ ਤਾਂ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਜਾਦੂਗਰ ਨੇ ਸਟੰਟ ਕਰਨ ਦੀ ਇਜਾਜ਼ਤ ਲਈ ਸੀ ਪਰ ਉਥੇ ਉਚਿਤ ਸੁਰੱਖਿਆ ਇੰਤਜ਼ਾਮ ਨਹੀਂ ਸਨ।

Iqbalkaur

This news is Content Editor Iqbalkaur