ਵਿਦੇਸ਼ੀਆਂ ਦੇ ਮੁਕਾਬਲੇ ਛੋਟਾ ਹੁੰਦਾ ਹੈ ਭਾਰਤੀਆਂ ਦੇ ਦਿਮਾਗ ਦਾ ਆਕਾਰ : ਰਿਸਰਚ

10/30/2019 9:12:03 AM

ਹੈਦਰਾਬਾਦ, (ਭਾਸ਼ਾ)- ਹਾਲ ਹੀ ਹੈਦਰਾਬਾਦ ’ਚ ਹੋਈ ਇਕ ਰਿਸਰਚ ’ਚ ਦਿਲਚਸਪ ਗੱਲ ਸਾਹਮਣੇ ਆਈ ਹੈ ਕਿ ਭਾਰਤੀਆਂ ਦੇ ਦਿਮਾਗ ਦਾ ਆਕਾਰ ਪੱਛਮੀ ਅਤੇ ਪੂਰਬੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤੀਆਂ ਦਾ ਦਿਮਾਗ ਲੰਬਾਈ, ਚੌੜਾਈ ਅਤੇ ਘਣਤਾ ਤਿੰਨਾਂ ’ਚ ਹੀ ਪੂਰਬੀ ਅਤੇ ਪੱਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਕੁੱਝ ਛੋਟਾ ਹੁੰਦਾ ਹੈ। ਰਿਸਰਚ ਦੌਰਾਨ ਇੰਟਰਨੈਸ਼ਨਲ ਇੰਸਟੀਚਿਊਟ ਆਫ ਇਨਫਾਰਮੇਸ਼ਨ ਟੈਕਨਾਲੋਜੀ, ਹੈਦਰਾਬਾਦ (ਆਈ. ਆਈ. ਆਈ. ਟੀ.-ਐੱਚ.) ਵਲੋਂ ਪਹਿਲੀ ਵਾਰ ਇੰਡੀਅਨ ਬਰੇਨ ਐਟਲਸ ਤਿਆਰ ਕੀਤਾ ਗਿਆ। ਇਹ ਰਿਸਰਚ ਅਲਜਾਈਮਰ ਅਤੇ ਦਿਮਾਗ ਨਾਲ ਜੁਡ਼ੀਆਂ ਹੋਰ ਬੀਮਾਰੀਆਂ ਨੂੰ ਧਿਆਨ ’ਚ ਰੱਖ ਕੇ ਕੀਤੀ ਗਈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰਿਸਰਚ ਤੋਂ ਬਾਅਦ ਦਿਮਾਗ ਨਾਲ ਜੁਡ਼ੀਆਂ ਪ੍ਰੇਸ਼ਾਨੀਆਂ ਨੂੰ ਸਮਝਣ ’ਚ ਕਾਫ਼ੀ ਮਦਦ ਮਿਲੇਗੀ। ਇਹ ਰਿਸਰਚ ਨਿਊਰੋਲਾਜੀ ਇੰਡੀਆ ਨਾਮੀ ਮੈਡੀਕਲ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ।

ਭਾਰਤੀਆਂ ਦੇ ਦਿਮਾਗ ਨਾਲ ਜੁੜੀਆਂ ਬੀਮਾਰੀਆਂ ਨੂੰ ਜਾਂਚਣ ਲਈ ਆਈਡਲ ਪੈਟਰਨ ਨਹੀਂ MNI ਟੈਂਪਲੇਟ

ਇਸ ਪ੍ਰਾਜੈਕਟ ’ਤੇ ਕੰਮ ਕਰਨ ਵਾਲੀ ਸੈਂਟਰ ਫਾਰ ਵਿਜ਼ੂਅਲ ਇਨਫਾਰਮੇਸ਼ਨ ਟੈਕਨਾਲੋਜੀ ਦੇ ਜਯੰਤੀ ਸਿਵਾਸਵਾਮੀ ਅਨੁਸਾਰ ਦਿਮਾਗ ਨਾਲ ਜੁਡ਼ੀਆਂ ਬੀਮਾਰੀਆਂ ਨੂੰ ਮਾਨੀਟਰ ਕਰਨ ਲਈ ਮਾਂਟਰੀਅਲ ਨਿਊਰੋਲਾਜੀਕਲ ਇੰਸਟੀਚਿਊਟ (ਐੱਮ. ਐੱਨ. ਆਈ.) ਟੈਂਪਲੇਟ ਦੀ ਵਰਤੋਂ ਮਾਪਦੰਡ ਦੇ ਰੂਪ ’ਚ ਕੀਤੀ ਜਾਂਦੀ ਹੈ। ਵਿਗਿਆਨੀਆਂ ਅਨੁਸਾਰ ਇਸ ਟੈਂਪਲੇਟ ਨੂੰ ਕੋਕੇਸ਼ਿਆਨ ਦਿਮਾਗ ਨੂੰ ਧਿਆਨ ’ਚ ਰੱਖ ਕੇ ਡਿਵੈੱਲਪ ਕੀਤਾ ਗਿਆ ਹੈ, ਜੋ ਕਿ ਭਾਰਤੀ ਲੋਕਾਂ ਦੇ ਦਿਮਾਗ ਨਾਲ ਜੁਡ਼ੀਆਂ ਬੀਮਾਰੀਆਂ ਨੂੰ ਜਾਂਚਣ ਲਈ ਇਕ ਆਈਡਲ ਪੈਟਰਨ ਨਹੀਂ ਹੈ।

ਦਿਮਾਗੀ ਬੀਮਾਰੀਆਂ ਦੇ ਅਧਿਐਨ ਲਈ ਇਕ ਲਾਰਜ ਐਟਲਸ ਬਣਾਏ ਜਾਣ ਦੀ ਜ਼ਰੂਰਤ

ਜਯੰਤੀ ਸਿਵਾਸਵਾਮੀ ਅਨੁਸਾਰ ਵੱਖ-ਵੱਖ ਸਕੈਨ ’ਚ ਸਾਹਮਣੇ ਆਇਆ ਹੈ ਕਿ ਭਾਰਤੀ ਲੋਕਾਂ ਦੇ ਦਿਮਾਗ ਵਿਦੇਸ਼ੀਆਂ ਦੇ ਮੁਕਾਬਲੇ ਆਕਾਰ ’ਚ ਛੋਟਾ ਹੈ, ਜੋ ਕਿ ਮਿਸਡਾਇਗਨਾਜ ਦੀ ਵਜ੍ਹਾ ਬਣ ਸਕਦਾ ਹੈ। ਐੱਮ. ਆਰ. ਆਈ. ਇਮੇਜ ਨੂੰ ਪ੍ਰੀਲੋਡਿਡ ਐੱਮ. ਐੱਨ. ਆਈ. ਇਮੇਜ ਟੈਂਪਲੇਟ ਨਾਲ ਮਿਲਾਨ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ। ਸਾਡੇ ਕੋਲ ਇਸ ਰਿਸਰਚ ਨਾਲ ਜੁਡ਼ੇ ਪੁਖਤਾ ਸਬੂਤ ਹਨ, ਜਿਨ੍ਹਾਂ ਤੋਂ ਇਸ ਗੱਲ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਦਿਮਾਗ ਦੇ ਢਾਂਚੇ ਅਤੇ ਉਸ ਨਾਲ ਸਬੰਧਤ ਬੀਮਾਰੀਆਂ ਦੇ ਅਧਿਐਨ ਲਈ ਇਕ ਲਾਰਜ ਐਟਲਸ ਬਣਾਏ ਜਾਣ ਦੀ ਜ਼ਰੂਰਤ ਹੈ, ਜਿਸ ਨਾਲ ਇਸ ਗੱਲ ਨੂੰ ਸਮਝਿਆ ਜਾ ਸਕੇ ਕਿ ਦਿਮਾਗ ਦੇ ਆਕਾਰ ਦੀਆਂ ਵੱਖ-ਵੱਖ ਕਿਸਮਾਂ ’ਚ ਕਿਸ ਨੂੰ ਨਾਰਮਲ ਮੰਨ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ।