ਭਾਰਤੀ ਫੌਜ ਕੋਲ ਨਹੀਂ ਹੈ ਲੜਾਈ ਲਈ ਮੌਜੂਦਾ ਗੋਲਾ-ਬਾਰੂਦ : ਕੈਗ ਰਿਪੋਰਟ

07/22/2017 7:58:40 AM

ਨਵੀਂ ਦਿੱਲੀ— ਭਾਰਤੀ ਫੌਜ ਇਨ੍ਹਾਂ ਦਿਨਾਂ ਗੋਲਾ-ਬਾਰੂਦ ਦੀ ਭਾਰੀ ਕਮੀ ਤੋਂ ਜੂਝ ਰਹੀ ਹੈ। ਸੰਸਦ 'ਚ ਰੱਖੀ ਗਈ ਕੈਗ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਲੜਾਈ ਦੀ ਸਥਿਤੀ 'ਚ ਫੌਜ ਕੋਲ ਸਿਰਫ 10 ਦਿਨਾਂ ਦਾ ਹੀ ਗੋਲਾ ਬਾਰੂਦ ਹੈ। ਸੰਸਦ ਸਾਹਮਣੇ ਸ਼ੁੱਕਰਵਾਰ ਨੂੰ ਰੱਖੀ ਗਈ ਕੈਗ ਦੀ ਰਿਪੋਰਟ 'ਚ ਕਿਹਾ ਗਿਆ ਕਿ ਕੁਲ 152 ਤਰ੍ਹਾਂ ਦੇ ਗੋਲਾ-ਬਾਰੂਦ 'ਚੋਂ ਸਿਰਫ 20 ਫੀਸਦੀ ਮਤਲਬ 31 ਤਰ੍ਹਾਂ ਦੇ ਗੋਲਾ-ਬਾਰੂਦਾਂ ਦਾ ਹੀ ਸਟਾਕ  ਤਸੱਲੀਬਖਸ਼ ਪਾਇਆ ਗਿਆ ਹੈ, ਜਦਕਿ 61 ਤਰ੍ਹਾਂ ਦੇ ਗੋਲਾ-ਬਾਰੂਦ ਦਾ ਸਟਾਕ ਕਾਫੀ ਮਾਤਰਾ 'ਚ ਘੱਟ ਪਾਇਆ ਗਿਆ।
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਭਾਰਤੀ ਫੌਜ ਕੋਲ ਘੱਟੋ-ਘੱਟ ਇੰਨਾ ਗੋਲਾ-ਬਾਰੂਦ ਹੋਣਾ ਚਾਹੀਦਾ ਹੈ ਕਿ ਉਹ 20 ਦਿਨਾਂ ਤਕ ਦੀ ਵੱਡੀ ਲੜਾਈ ਦਾ ਸਾਹਮਣਾ ਕਰ ਸਕੇ। ਹਾਲਾਂਕਿ ਇਸ ਤੋਂ ਪਹਿਲਾਂ ਫੌਜ ਨੂੰ 40 ਦਿਨਾਂ ਤਕ ਦਾ ਗੋਲਾ-ਬਾਰੂਦ ਆਪਣੇ 'ਵਾਰ ਵੇਸਟੇਜ਼ ਰਿਜ਼ਰਵ (ਡਬਲਿਊ.ਡਬਲਿਊ.ਆਰ.)' 'ਚ ਰੱਖਣਾ ਪੈਂਦਾ ਸੀ, ਜਿਸ ਨੂੰ ਸਾਲ 1999 'ਚ ਘੱਟ ਕਰਕੇ 20 ਦਿਨ ਦਾ ਕਰ ਦਿੱਤਾ ਗਿਆ ਸੀ। ਅਜਿਹੇ 'ਚ ਕੈਗ ਦੀ ਇਹ ਰਿਪੋਰਟ ਗੋਲਾ-ਬਾਰੂਦ ਦੀ ਭਾਰੀ ਕਿੱਲਤ ਨੂੰ ਦਰਸ਼ਾਉਂਦੀ ਹੈ।
ਕੈਗ ਦੀ ਰਿਪੋਰਟ ਮੁਤਾਬਕ ਸਤੰਬਰ 2016 'ਚ ਕੁਲ 152 ਤਰ੍ਹਾਂ ਦੇ ਗੋਲਾ-ਬਾਰੂਦ 'ਚੋਂ ਸਿਰਫ 31 ਹੀ ਹਨ 40 ਦਿਨਾਂ ਲਈ, ਜਦਕਿ 12 ਤਰ੍ਹਾਂ ਦੇ ਗੋਲਾ-ਬਾਰੂਦ 30 ਤੋਂ 40 ਦਿਨ ਲਈ, ਉਥੇ ਹੀ 26 ਤਰ੍ਹਾਂ ਦੇ ਗੋਲਾ-ਬਾਰੂਦ 20 ਦਿਨਾਂ ਤੋਂ ਥੋੜ੍ਹੇ ਜ਼ਿਆਦਾ ਸਮੇਂ ਲਈ ਮੌਜੂਦਾ ਪਾਏ ਗਏ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਇਸ ਦੌਰਾਨ ਧਮਾਕਾਖੇਜ ਅਤੇ ਤਬਾਹ ਕਰ ਦੇਣ ਵਾਲੇ ਉਪਕਰਣਾਂ ਵਰਗੇ ਕੁਝ ਖਾਸ ਹਥਿਆਰਾਂ ਦੇ ਰਿਜ਼ਰਵ 'ਚ ਸੁਧਾਰ ਕੀਤਾ ਗਿਆ ਹੈ ਪਰ ਬਹਿਤਰ ਫੌਜੀ ਤਾਕਤ ਨੂੰ ਬਣਾਏ ਰੱਖਣ ਲਈ ਜ਼ਰੂਰੀ ਬਖਤਰਬੰਦ ਲੜਾਕੂ ਵਾਹਨਾਂ ਅਤੇ ਤੋਪਾਂ ਲਈ ਗੋਲਾ-ਬਾਰੂਦ ਚਿੰਤਾਜਨਕ ਰੂਪ ਤੋਂ ਘੱਟ ਪਾਏ ਗਏ ਹਨ।
ਗੋਲਾ-ਬਾਰੂਦ ਦੀ ਇਸ ਚਿੰਤਾਜਨਕ ਕਮੀ ਨੂੰ ਦੂਰ ਕਰਨ ਲਈ ਸਰਕਾਰ ਨੇ ਫੌਜ ਉਪ ਪ੍ਰਮੁੱਖ ਦੇ ਵਿੱਤੀ ਅਧਿਕਾਰ ਵਧਾ ਦਿੱਤੇ ਹਨ, ਤਾਂ ਜੋ ਤੇਜੀ ਨਾਲ ਗੋਲਾ-ਬਾਰੂਦ ਦੀ ਖਰੀਦਦਾਰੀ ਕੀਤੀ ਜਾ ਸਕੇ। ਸੂਤਰਾਂ ਨੇ ਇੰਡੀਆ ਟੂਡੇ ਨੂੰ ਦੱਸਿਆ ਕਿ ਭਾਰਤੀ ਫੌਜ ਨੇ 46 ਤਰ੍ਹਾਂ ਦੇ ਗੋਲਾ-ਬਾਰੂਦ, ਕਰੀਬ ਅੱੱਧਾ ਦਰਜ ਮਾਇੰਸ ਅਤੇ 10 ਹਥਿਆਰ ਪ੍ਰਣਾਲੀਆਂ ਦੀ ਸਥਿਤੀ ਕਾਫੀ ਚਿੰਤਾਜਨਕ ਪਾਈ ਗਈ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੰਬੀ ਖਰੀਦ ਪ੍ਰਕਿਰਿਆ ਤੋਂ ਬੱਚਦੇ ਹੋਏ ਹੁਣ ਇਨ੍ਹਾਂ ਚੀਜਾਂ ਦੀ ਤੁਰੰਤ ਖਰੀਦਦਾਰੀ ਕੀਤੀ ਜਾਵੇਗੀ।