2020 ''ਚ ਦਸੰਬਰ ਮਹੀਨੇ ਤੱਕ ਭਾਰਤ ''ਚ ਪੈਦਾ ਹੋਣਗੇ 2 ਕਰੋੜ ਤੋਂ ਵਧੇਰੇ ਬੱਚੇ

05/07/2020 2:25:31 PM

ਜਿਨੇਵਾ- ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਦਾ ਅਨੁਮਾਨ ਹੈ ਕਿ ਮਾਰਚ ਵਿਚ ਕੋਵਿਡ-19 ਨੂੰ ਗਲੋਬਲ ਮਹਾਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਤੋਂ 9 ਮਹੀਨਿਆਂ (ਦਸੰਬਰ) ਵਿਚ ਭਾਰਤ ਵਿਚ ਰਿਕਾਰਡ ਪੱਧਰ 'ਤੇ 2 ਕਰੋੜ ਤੋਂ ਵਧੇਰੇ ਬੱਚਿਆਂ ਦਾ ਜਨਮ ਹੋਣ ਦੀ ਸੰਭਾਵਨਾ ਹੈ। ਯੂਨੀਸੇਫ ਨੇ ਸਾਵਧਾਨ ਕੀਤਾ ਹੈ ਕਿ ਦੁਨੀਆ ਭਰ ਵਿਚ ਗਲੋਬਲ ਮਹਾਮਾਰੀ ਦੇ ਦੌਰਾਨ ਗਰਭਵਤੀ ਔਰਤਾਂ ਤੇ ਇਸ ਦੌਰਾਨ ਪੈਦਾ ਹੋਏ ਬੱਚੇ ਪ੍ਰਭਾਵਿਤ ਸਿਹਤ ਸੇਵਾਵਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। 

ਮਦਰਸ ਡੇਅ ਤੋਂ ਪਹਿਲਾਂ ਯੂਨੀਸੇਫ ਨੇ ਇਕ ਅਨੁਮਾਨ ਵਿਚ ਕਿਹਾ ਹੈ ਕਿ ਦੁਨੀਆ ਭਰ ਵਿਚ ਕੋਵਿਡ-19 ਮਹਾਮਾਰੀ ਦੇ ਸਾਏ ਵਿਚ 11.6 ਕਰੋੜ ਬੱਚਿਆਂ ਦਾ ਜਨਮ ਹੋਵੇਗਾ। ਮਦਰਸ ਡੇਅ 10 ਮਈ ਨੂੰ ਹੈ। ਕੋਰੋਨਾ ਵਾਇਰਸ ਨੂੰ 11 ਮਾਰਚ ਨੂੰ ਗਲੋਬਲ ਮਹਾਮਾਰੀ ਐਲਾਨ ਕੀਤਾ ਗਿਆ ਸੀ ਤੇ ਬੱਚਿਆਂ ਦੇ ਜਨਮ ਦਾ ਇਹ ਅਨੁਮਾਨ 40 ਹਫਤਿਆਂ ਦਾ ਹੈ। ਭਾਰਤ ਵਿਚ 11 ਮਾਰਚ ਤੋਂ 16 ਦਸੰਬਰ ਦੇ ਵਿਚਾਲੇ 20.1 ਮਿਲੀਅਨ ਮਤਲਬ 2 ਕਰੋੜ ਤੋਂ ਵਧੇਰੇ ਬੱਚਿਆਂ ਦੇ ਜਨਮ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਚੀਨ ਵਿਚ 1.35 ਕਰੋੜ, ਨਾਈਜੀਰੀਆ ਵਿਚ 64 ਲੱਖ, ਪਾਕਿਸਤਾਨ ਵਿਚ 50 ਲੱਖ ਤੇ ਇੰਡੋਨੇਸ਼ੀਆ ਵਿਚ 40 ਲੱਖ ਬੱਚਿਆਂ ਦੇ ਜਨਮ ਦੀ ਸੰਭਾਵਨਾ ਹੈ। ਯੂਨੀਸੇਫ ਨੇ ਅਨੁਮਾਨ ਲਾਇਆ ਹੈ ਕਿ ਭਾਰਤ ਵਿਚ ਜਨਵਰੀ ਤੋਂ ਦਸੰਬਰ, 2020 ਦੇ ਵਿਚਾਲੇ 2.41 ਕਰੋੜ ਬੱਚਿਆਂ ਦੇ ਜਨਮ ਦੀ ਸੰਭਾਵਨਾ ਹੈ। ਯੂਨੀਸੇਫ ਨੇ ਸਾਵਧਾਨ ਕੀਤਾ ਹੈ ਕਿ ਕੋਵਿਡ-19 'ਤੇ ਕੰਟਰੋਲ ਦੇ ਲਈ ਲਾਗੂ ਕਦਮਾਂ ਦੇ ਕਾਰਣ ਜੀਵਨ-ਰੱਖਿਅਕ ਸਿਹਤ ਸੇਵਾਵਾਂ ਜਿਵੇਂ ਬੱਚੇ ਦੇ ਜਨਮ ਦੌਰਾਨ ਮਿਲਣ ਵਾਲੀ ਮੈਡੀਕਲ ਸੇਵਾ ਪ੍ਰਭਾਵਿਤ ਹੈ। ਇਸ ਦੇ ਕਾਰਣ ਲੱਖਾਂ ਗਰਭਵਤੀ ਔਰਤਾਂ ਤੇ ਬੱਚੇ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਯੂਨੀਸੇਫ ਨੇ ਕਿਹਾ ਕਿ ਇਹ ਸਮੀਖਿਆ ਸੰਯੁਕਤ ਰਾਸ਼ਟਰ ਜਨਸੰਖਿਆ ਵਿਭਾਗ ਦੇ ਵਿਸ਼ਵ ਜਨਸੰਖਿਆ ਅਨੁਮਾਨ 2019 ਦੇ ਅੰਕੜੇ ਦੇ ਆਧਾਰ 'ਤੇ ਹੈ। 

Baljit Singh

This news is Content Editor Baljit Singh