ਭਾਰਤ ਲਈ ਗੰਭੀਰ ਚੁਣੌਤੀ 'ਕੁਪੋਸ਼ਣ', 5 ਸਾਲ ਤੋਂ ਘੱਟ ਉਮਰ ਬੱਚਿਆਂ ਦੀ ਹੋ ਰਹੀ ਹੈ ਮੌਤ

09/19/2019 2:51:01 PM

ਨਵੀਂ ਦਿੱਲੀ— ਕੁਪੋਸ਼ਣ ਭਾਰਤ ਲਈ ਇਕ ਗੰਭੀਰ ਚੁਣੌਤੀ ਬਣ ਗਿਆ ਹੈ। 5 ਸਾਲ ਤੋਂ ਘੱਟ ਉਮਰ ਦੇ ਬੱਚੇ ਕੁਪੋਸ਼ਣ ਦੇ ਸ਼ਿਕਾਰ ਹੁੰਦੇ ਹਨ। ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿਚ ਘੱਟ ਉਮਰ ਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ। ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ 5 ਸਾਲ ਤੋਂ ਘੱਟ ਉਮਰ ਦੇ ਲੱਗਭਗ 68.2 ਫੀਸਦੀ ਬੱਚੇ ਕੁਪੋਸ਼ਣ ਕਾਰਨ ਮੌਤ ਦੇ ਸ਼ਿਕਾਰ ਹੋਏ। ਲੈਂਸੈੱਟ ਚਾਈਲਡ ਐਂਡ ਅਡੋਲੋਸਨਟ ਹੈਲਥ 'ਚ ਪ੍ਰਕਾਸ਼ਤ ਇਕ ਨਵੀਂ ਖੋਜ 'ਚ ਦੱਸਿਆ ਗਿਆ ਕਿ ਭਾਰਤ 'ਚ ਬੱਚੇ ਅਤੇ ਮਾਂ ਕੁਪੋਸ਼ਣ ਕਾਰਨ ਰੋਗਾਂ ਦੀ ਲਪੇਟ 'ਚ ਆ ਜਾਂਦੇ ਹਨ। ਕੁਪੋਸ਼ਣ ਹਰ ਉਮਰ ਲਈ ਸਿਹਤ ਹਾਨੀ ਦਾ ਮੁਖ ਕਾਰਕ ਹੈ। ਕੁਪੋਸ਼ਣ ਕਾਰਨ ਬੀਮਾਰੀ ਅਤੇ ਅਪੰਗਤਾ ਦਾ ਬੋਝ ਉੱਤਰ ਪ੍ਰਦੇਸ਼, ਬਿਹਾਰ, ਆਸਾਮ ਅਤੇ ਰਾਜਸਥਾਨ 'ਚ ਸਭ ਤੋਂ ਵਧ ਸੀ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਜ਼ਿਆਦਾਤਰ ਕੁਪੋਸ਼ਣ ਦੀ ਮਾਰ ਝੱਲਦੇ ਹਨ। ਭਾਰਤ ਬਾਲ ਕੁਪੋਸ਼ਣ ਨੂੰ ਦੂਰ ਕਰਨ ਲਈ ਜੱਦੋ ਜਹਿਦ ਕਰ ਰਿਹਾ ਹੈ, ਜਿਸ ਦੇ 3 ਮੁੱਖ ਸੰਕੇਤ ਹਨ- ਘੱਟ ਵਜ਼ਨ ਵਾਲੇ ਬੱਚੇ, ਕਮਜ਼ੋਰ ਅਤੇ ਬਹੁਤ ਕਮਜ਼ੋਰ ਬੱਚੇ। 
ਪਬਲਿਕ ਹੈਲਥ ਫਾਊਂਡੇਸ਼ਨ ਆਫ ਇੰਡੀਆ, ਆਈ. ਸੀ. ਐੱਮ. ਆਰ. ਅਤੇ ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੇਸ਼ਨ ਵਲੋਂ 18 ਸਤੰਬਰ ਨੂੰ ਸਾਰੇ ਸੂਬਿਆਂ ਵਿਚ ਕੁਪੋਸ਼ਣ 'ਤੇ ਰਿਪਰੋਟ ਜਾਰੀ ਕੀਤੀ ਗਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਜੇਕਰ 2017 ਵਾਂਗ ਹੀ ਹਾਲ ਰਿਹਾ ਤਾਂ ਰਾਸ਼ਟਰੀ ਪੋਸ਼ਣ ਮਿਸ਼ਨ 2022 ਦੇ ਟੀਚੇ ਦੇ ਮੁਕਾਬਲੇ ਘੱਟ ਵਜ਼ਨੀ ਬੱਚਿਆਂ ਦੀ ਜਨਮ ਦਰ 8.6 ਫੀਸਦੀ ਤੋਂ ਵਧ ਹੋ ਸਕਦੀ ਹੈ। ਇਸ ਤਰ੍ਹਾਂ ਜਿਨ੍ਹਾਂ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁੱਕ ਜਾਂਦਾ ਹੈ, ਅਜਿਹੇ ਬੱਚਿਆਂ ਦੀ ਗਿਣਤੀ ਮਿਸ਼ਨ ਦੇ ਤੈਅ ਟੀਚੇ ਦੇ ਮੁਕਾਬਲੇ 9.6 ਫੀਸਦੀ, ਘੱਟ ਵਜ਼ਨੀ ਬੱਚਿਆਂ ਦਾ 4.8 ਫੀਸਦੀ, ਬੱਚਿਆਂ 'ਚ ਖੂਨ ਦੀ ਘਾਟ ਦਾ 11.7 ਫੀਸਦੀ ਅਤੇ ਔਰਤਾਂ 'ਚ ਖੂਨ ਦੀ ਘਾਟ ਦੇ ਮਾਮਲੇ 13.8 ਫੀਸਦੀ ਤੋਂ ਵਧ ਦਰਜ ਕੀਤੇ ਜਾ ਸਕਦੇ ਹਨ। ਯਾਨੀ ਕਿ ਰਾਸ਼ਟਰੀ ਪੋਸ਼ਣ ਮਿਸ਼ਨ ਦਾ ਟੀਚਾ ਹਾਸਲ ਕਰਨ 'ਚ ਭਾਰਤ ਪਿਛੜ ਸਕਦਾ ਹੈ। ਹਾਲਾਂਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ ਕੁੱਲ ਮਾਮਲੇ 1990 ਦੇ ਮੁਕਾਬਲੇ 2017 'ਚ ਕਮੀ ਆਈ ਹੈ। 1990 'ਚ ਇਹ ਦਰ 70.4 ਫੀਸਦੀ ਸੀ, 2017 'ਚ ਜੋ 68.2 ਫੀਸਦੀ ਪਹੁੰਚ ਸਕੀ। ਇਹ ਇਕ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਸ ਤੋਂ ਪਤਾ ਲੱਗਦਾ ਹੈ ਕਿ ਕੁਪੋਸ਼ਣ ਦਾ ਖਤਰਾ ਘੱਟ ਨਹੀਂ ਹੋਇਆ ਹੈ।

Tanu

This news is Content Editor Tanu