'ਕੋਵਿਡ-19' ਨੂੰ ਹੁਣ ਹਰਾਉਣਾ ਹੋਵੇਗਾ ਆਸਾਨ, ਇਕ ਘੰਟੇ 'ਚ ਆਵੇਗਾ ਨਤੀਜਾ

04/05/2020 1:20:52 PM

ਨਵੀਂ ਦਿੱਲੀ (ਵਾਰਤਾ)— ਵਿਗਿਆਨਕ ਅਤੇ ਉਦਯੋਗਿਕ ਖੋਜ ਪਰੀਸ਼ਦ (ਸੀ. ਐੱਸ. ਆਈ. ਆਰ.) ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ (ਕੋਵਿਡ-19) ਦੇ ਤੁਰੰਤ ਟੈਸਟ ਲਈ ਇਕ ਨਵੀਂ ਕਿੱਟ ਵਿਕਸਿਤ ਕੀਤੀ ਹੈ, ਜੋ ਕਿ ਪੇਪਰ ਸਟ੍ਰਿਪ ਆਧਾਰਿਤ ਹੈ ਅਤੇ ਇਕ ਘੰਟੇ ਦੇ ਅੰਦਰ ਨਤੀਜੇ ਦੱਸ ਦਿੰਦੀ ਹੈ। ਇਸ ਦੀ ਲਾਗਤ ਮਹਿਜ 500 ਰੁਪਏ ਪ੍ਰਤੀ ਟੈਸਟ ਤੋਂ ਵੀ ਘੱਟ ਹੈ। ਸੀ. ਐੱਸ. ਆਈ. ਆਰ. ਨਾਲ ਸਬੰਧਤ ਰਾਜਧਾਨੀ ਸਥਿਤ ਜੀਨੋਮਿਕੀ ਅਤੇ ਸਮਵੇਤ ਜੀਵ ਵਿਗਿਆਨ ਸੰਸਥਾ (ਆਈ. ਜੀ. ਆਈ. ਬੀ.) ਦੇ ਵਿਗਿਆਨੀਆਂ ਵਲੋਂ ਵਿਕਸਿਤ ਇਹ ਇਕ ਪੇਪਰ ਸਟ੍ਰਿਪ ਆਧਾਰਿਤ ਟੈਸਟ ਕਿੱਟ ਹੈ, ਜਿਸ ਦੀ ਮਦਦ ਨਾਲ ਘੱਟ ਸਮੇਂ 'ਚ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਾਇਆ ਜਾ ਸਕਦਾ ਹੈ। 

ਇਹ ਪੇਪਰ ਸਟ੍ਰਿਪ ਆਧਾਰਿਤ ਟੈਸਟ ਕਿੱਟ ਆਈ. ਜੀ. ਆਈ. ਬੀ. ਦੇ ਵਿਗਿਆਨਕ ਡਾ. ਸੌਵਿਕ ਮੈਤੀ ਅਤੇ ਡਾ. ਦੇਬਜਿਓਤੀ ਚੱਕਰਵਤੀ ਦੀ ਅਗਵਾਈ ਵਾਲੀ ਇਕ ਟੀਮ ਨੇ ਵਿਕਸਿਤ ਕੀਤੀ ਹੈ। ਇਹ ਕਿੱਟ ਇਕ ਘੰਟੇ ਤੋਂ ਵੀ ਘੱਟ ਸਮੇਂ ਵਿਚ ਨਵੇਂ ਕੋਰੋਨਾ ਵਾਇਰਸ ਦੇ ਵਾਇਰਲ ਆਰ. ਐੱਨ. ਏ. ਦਾ ਪਤਾ ਲਾ ਸਕਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਟੈਸਟ ਵਿਧੀਆਂ ਦੇ ਮੁਕਾਬਲੇ ਇਹ ਪੇਪਰ ਸਟ੍ਰਿਪ ਕਿੱਟ ਕਾਫੀ ਸਸਤੀ ਹੈ ਅਤੇ ਇਸ ਦੇ ਵਿਕਸਿਤ ਹੋਣ ਤੋਂ ਬਾਅਦ ਵੱਡੇ ਪੱਧਰ 'ਤੇ ਕੋਰੋਨਾ ਦੀ ਜਾਂਚ ਚੁਣੌਤੀ ਨਾਲ ਨਜਿੱਠਣ 'ਚ ਮਦਦ ਮਿਲ ਸਕਦੀ ਹੈ। ਆਈ. ਜੀ. ਆਈ. ਬੀ. ਦੇ ਵਿਗਿਆਨਕ ਡਾ. ਦੇਬਜਿਓਤੀ ਚੱਕਰਵਤੀ ਨੇ ਦੱਸਿਆ ਕਿ ਇਸ ਕਿੱਟ ਦੀ ਖਾਸੀਅਤ ਇਹ ਹੈ ਕਿ ਇਸ ਦੀ ਵਰਤੋਂ ਤੇਜ਼ੀ ਨਾਲ ਫੈਲ ਰਹੀ ਕੋਵਿਡ-19 ਮਹਾਮਾਰੀ ਦਾ ਪਤਾ ਲਾਉਣ ਲਈ ਵਿਆਪਕ ਪੱਧਰ 'ਤੇ ਕੀਤੀ ਜਾ ਸਕੇਗੀ। 

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਦੁਨੀਆ ਦੇ ਤਮਾਮ ਦੇਸ਼ ਇਸ ਵਾਇਰਸ ਦੇ ਲਪੇਟ 'ਚ ਹਨ। ਭਾਰਤ ਵੀ ਇਸ ਵਾਇਰਸ ਤੋਂ ਬਚ ਨਹੀਂ ਸਕਿਆ। ਦੁਨੀਆ ਭਰ 'ਚ ਹੁਣ ਤੱਕ 64 ਹਜ਼ਾਰ ਤੋਂ ਵਧੇਰੇ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ 12 ਲੱਖ ਤੋਂ ਵਧ ਲੋਕ ਇਸ ਖਤਰਨਾਕ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ।

Tanu

This news is Content Editor Tanu