SCO ਬੈਠਕ ’ਚ ਬੋਲੇ ਜੈਸ਼ੰਕਰ, ਭਾਰਤ ਗਲੋਬਲ ਪੱਧਰ ’ਤੇ ਉੱਭਰਦੀ ਹੋਈ ਆਰਥਿਕ ਸ਼ਕਤੀ

11/27/2021 11:40:08 AM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੋਂ ਬਾਅਦ ਜਿੱਥੇ ਦੁਨੀਆ ਦੇ ਕਈ ਦੇਸ਼ ਹਾਲੇ ਤੱਕ ਆਰਥਿਕ ਚੁਣੌਤੀਆਂ ਨਾਲ ਜੂਝ ਰਹੇ ਹਨ, ਉੱਥੇ ਹੀ ਭਾਰਤ ਸਭ ਤੋਂ ਤੇਜ਼ੀ ਨਾਲ ਵੱਧਦੀ ਹੋਈ ਅਰਥ ਵਿਵਸਥਾ ਦੇ ਤੌਰ ’ਤੇ ਸਥਾਪਤ ਹੋ ਰਿਹਾ ਹੈ। ਹੁਣ ਭਾਰਤ ਨੇ ਇਸ ਨੂੰ ਗਲੋਬਲ ਮੰਚਾਂ ’ਤੇ ਦੱਸਣਾ ਵੀ ਸ਼ੁਰੂ ਕਰ ਦਿੱਤਾ ਹੈ। ਵਿਦੇਸ਼ ਮੰਤਰੀ  ਐੱਸ. ਜੈਸ਼ੰਕਰ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਦੇ ਮੈਂਬਰਾਂ ਦੀ ਸਰਕਾਰਾਂ ਦੇ ਪ੍ਰਮੁੱਖਾਂ ਦੀ ਵੀਰਵਾਰ ਨੂੰ ਹੋਈ ਬੈਠਕ ’ਚ ਭਾਰਤ ਨੂੰ ਗਲੋਬਲ ਪੱਧਰ ’ਤੇ ਉੱਭਰਦੀ ਹੋਈ ਆਰਥਿਕ ਸ਼ਕਤੀ ਦੇ ਤੌਰ ’ਤੇ ਚਿੰਨ੍ਹਿਤ ਕੀਤਾ। ਬੈਠਕ ’ਚ ਚੀਨ, ਪਾਕਿਸਤਾਨ, ਰੂਸ ਸਮੇਤ 10 ਦੇਸ਼ਾਂ ਦੇ ਸ਼ਾਸਨ ਪ੍ਰਮੁੱਖ ਸਨ। ਵਿਦੇਸ਼ ਮੰਤਰੀ ਨੇ ਭਾਰਤ ਦੀਆਂ ਆਰਥਿਕ ਸੰਭਾਵਨਾਵਾਂ ਦਾ ਜ਼ਿਕਰ ਕਰਦੇ ਹੋਏ ਇਹ ਵੀ ਸੰਦੇਸ਼ ਦਿੱਤਾ ਕਿ ਉਹ ਐੱਸ.ਸੀ.ਓ. ਖੇਤਰ ’ਚ ਮਹੱਤਵਪੂਰਨ ਗਲੋਬਲ ਕੈਨਕਟੀਵਿਟੀ ਪ੍ਰਾਜੈਕਟਾਂ ਨੂੰ ਲਾਗੂ ਕਰਨ ਅਤੇ ਸਹਿਯੋਗ ਕਰਨ ਨੂੰ ਵਚਨਬੱਧ ਹੈ।

ਜੈਸ਼ੰਕਰ ਨੇ ਪਾਕਸਿਤਾਨ ਵਲੋਂ ਇਸ ਤਰ੍ਹਾਂ ਦੇ ਸੰਮੇਲਨ ’ਚ ਕਸ਼ਮੀਰ ਮੁੱਦੇ ਨੂੰ ਚੁੱਕਣ ਦੀ ਨਿੰਦਾ ਕੀਤੀ ਪਰ ਉਨ੍ਹਾਂ ਦੇ ਭਾਸ਼ਣ ਦੇ ਕੇਂਦਰ ’ਚ ਭਾਰਤ ਦੀ ਆਰਥਿਕ ਤਰੱਕੀ ਵੀ ਰਹੀ। ਜੈਸ਼ੰਕਰ ਨੇ ਕਿਹਾ ਕਿ ਭਾਰਤ ਐੱਸ.ਸੀ.ਓ. ਨੂੰ ਇਕ ਮਹੱਤਵਪੂਰਨ ਖੇਤਰੀ ਸਮੂਹ ਮੰਨਦਾ ਹੈ, ਜੋ ਕੌਮਾਂਤਰੀ ਸ਼ਾਸਨ, ਪਾਰਦਰਸ਼ਤਾ ਅਤੇ ਬਰਾਬਰੀ ਦੇ ਆਧਾਰ ’ਤੇ ਵੱਖ-ਵੱਖ ਖੇਤਰਾਂ ’ਚ ਸਹਿਯੋਗ ਨੂੰ ਉਤਸ਼ਾਹ ਦੇਵੇਗਾ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਦੇਸ਼ ਇਸ ਮੰਚ ’ਤੇ ਦੋ-ਪੱਖੀ ਮੁੱਦੇ ਚੁੱਕ ਰਹੇ ਹਨ। ਇਹ ਐੱਸ.ਸੀ.ਓ. ਦੇ ਸਥਾਪਤ ਸਿਧਾਂਤਾਂ ਵਿਰੁੱਧ ਹੈ। ਇਹ ਮੈਂਬਰ ਦੇਸ਼ਾਂ ਦਰਮਿਆਨ ਸਹਿਮਤੀ ਬਣਾਉਣ ਅਤੇ ਵਿਕਸਿਤ ਕਰਨ ਵਿਰੁੱਧ ਕੰਮ ਕਰ ਸਕਦਾ ਹੈ। ਇਸੇ ਤਰ੍ਹਾਂ ਨਾਲ ਜੈਸ਼ੰਕਰ ਨੇ ਗਲੋਬਲ ਸੰਪਰਕ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜ਼ਿਆਦਾ ਪਾਰਦਰਸ਼ੀ ਬਣਾਉਣ ਅਤੇ ਇਸ ’ਚ ਦੂਜੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਆਦਰ ਕਰਨ ਦੀ ਗੱਲ ਕਹੀ। ਜੈਸ਼ੰਕਰ ਨੇ ਕਿਹਾ ਕਿ ਕੋਰੋਨਾ ਤੋਂ ਬਾਅਦ ਭਾਰਤ ਦੀ ਅਰਥਵਿਵਸਥਾ ’ਚ ਟਿਕਾਅ ਕਾਫ਼ੀ ਮਹੱਤਵਪੂਰਨ ਹੈ। ਆਈ.ਐੱਮ.ਐੱਫ਼ ਨੇ ਸਾਲ 2021 ’ਚ ਭਾਰਤ ਦੀ ਆਰਥਿਕ ਵਿਕਾਸ ਦਰ 9.5 ਫੀਸਦੀ ਹੋਣ ਅਨੁਮਾਨ ਲਗਾਇਆ ਹੈ। ਭਾਰਤ ਦਾ ਨਿਰਯਾਤ 20 ਫੀਸਦੀ ਦੀ ਰਫ਼ਤਾਰ ਨਾਲ ਵੱਧ ਰਿਹਾ ਹੈ। ਕੋਰੋਨਾ ਦੇ ਬਾਵਜੂਦ ਭਾਰਤ ਨੇ ਸਾਲ 2020-21 ’ਚ 77 ਅਰਬ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ ਆਕਰਸ਼ਿਤ ਕੀਤਾ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ’ਚ ਭਾਰਤ ਪਹਿਲੇ ਨੰਬਰ ’ਤੇ ਹੈ।

DIsha

This news is Content Editor DIsha