ਭਾਰਤ ਕਿਸੇ ਵੀ ਹਾਲਤ ''ਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਵਿਰੁੱਧ : ਰਾਜਦੂਤ

04/19/2018 11:23:10 PM

ਨਵੀਂ ਦਿੱਲੀ— ਸੀਰੀਆ 'ਚ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ ਦੇ ਮਾਮਲੇ ਨੂੰ ਲੈ ਕੇ ਸਮੁੱਚੀ ਦੁਨੀਆ 'ਚ ਉੱਠ ਰਹੇ ਸਵਾਲਾਂ ਦਰਮਿਆਨ ਭਾਰਤ ਨੇ ਵੀਰਵਾਰ ਇਹ ਗੱਲ ਸਪੱਸ਼ਟ ਕੀਤੀ ਕਿ ਉਹ ਕਿਸੇ ਵੀ ਹਾਲਾਤ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਵਿਰੁੱਧ ਹੈ। ਇਸ ਦੀ ਕਥਿਤ ਵਰਤੋਂ ਨਾਲ ਜੁੜੇ ਵਿਸ਼ੇ ਦੀ ਜਾਂਚ ਪੂਰੀ ਤਰ੍ਹਾਂ ਰਸਾਇਣਕ ਹਥਿਆਰਾਂ ਦੀ ਸੰਧੀ ਦੀਆਂ ਧਾਰਾਵਾਂ ਮੁਤਾਬਕ ਹੋਣੀ ਚਾਹੀਦੀ ਹੈ। 
ਨੀਦਰਲੈਂਡ ਵਿਚ ਭਾਰਤ ਦੇ ਰਾਜਦੂਤ ਰਾਜਮਣੀ ਨੇ ਇਸ ਸਬੰਧੀ ਰਸਾਇਣਕ ਹਥਿਆਰ ਮਨਾਹੀ ਸੰਗਠਨ ਦੀ ਕਾਰਜਕਾਰੀ ਕੌਂਸਲ ਦੀ ਬੈਠਕ 'ਚ ਇਹ ਗੱਲ ਕਹੀ। ਇਸ ਸਬੰਧੀ ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਉਹ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਵਿਰੁੱਧ ਹੈ। ਇਸ ਮੁੱਦੇ ਦਾ ਹੱਲ ਰਸਾਇਣਕ ਹਥਿਆਰ ਸੰਧੀ ਦੀਆਂ ਧਾਰਾਵਾਂ ਮੁਤਾਬਕ ਕੀਤਾ ਜਾਣਾ ਚਾਹੀਦਾ ਹੈ। 
ਸੀਰੀਆ ਵਿਚ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ ਦੀ ਘਟਨਾ ਦੇ ਪਿਛੋਕੜ 'ਚ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਨੇ 11 ਅਪ੍ਰੈਲ ਨੂੰ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਇਹ ਪਤਾ ਨਹੀਂ ਲੱਗ ਸਕਿਆ ਕਿ ਦੋਹਾਂ ਦਰਮਿਆਨ ਰਸਾਇਣਕ ਹਥਿਆਰਾਂ ਦੇ ਮੁੱਦੇ 'ਤੇ ਵੀ ਗੱਲਬਾਤ ਹੋਈ ਸੀ ਜਾਂ ਨਹੀਂ।