ਕੀ ਪਾਕਿਸਤਾਨ ਦੀ ਜੇਲ 'ਚੋਂ ਰਿਹਾਅ ਹੋਵੇਗਾ ਕੁਲਭੂਸ਼ਣ ਯਾਦਵ, ਅੱਜ ਆਵੇਗਾ ਫੈਸਲਾ

07/17/2019 8:45:40 AM

ਦਿ ਹੇਗ (ਭਾਸ਼ਾ)— ਨੀਦਰਲੈਂਡ ਸਥਿਤ ਕੌਮਾਂਤਰੀ ਅਦਾਲਤ ਇਕ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਜੁੜੇ ਮਾਮਲੇ ਵਿਚ ਬੁੱਧਵਾਰ ਭਾਵ ਅੱਜ ਆਪਣਾ ਫੈਸਲਾ ਸੁਣਾਏਗੀ। ਪਾਕਿਸਤਾਨ ਦੀ ਇਕ ਫੌਜੀ ਅਦਾਲਤ ਵਲੋਂ ਜਾਧਵ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਨੂੰ ਭਾਰਤ ਨੇ ਕੌਮਾਂਤਰੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ। 49 ਸਾਲਾ ਜਾਧਵ ਨੂੰ ਅਪ੍ਰੈਲ, 2017 ਵਿਚ ਮੌਤ ਦੀ ਸਜ਼ਾ ਸੁਣਾਈ ਗਈ ਸੀ। 
ਕੌਮਾਂਤਰੀ ਅਦਾਲਤ ਵਲੋਂ 17 ਜੁਲਾਈ ਨੂੰ ਭਾਰਤੀ ਸਮੇਂ ਮੁਤਾਬਕ ਸ਼ਾਮ 6 ਵਜੇ ਜਨਤਕ ਸੁਣਵਾਈ ਕੀਤੀ ਜਾਏਗੀ। ਉਸ ਤੋਂ ਬਾਅਦ ਚੀਫ ਜਸਟਿਸ ਅਬਦੁੱਲ ਕਾਵੀ ਅਹਿਮਦ ਯੂਸਫ ਵਲੋਂ ਫੈਸਲਾ ਪੜ੍ਹ ਕੇ ਸੁਣਾਇਆ ਜਾਵੇਗਾ।
ਭਾਰਤ ਪਾਕਿਸਤਾਨ ਵਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਨੂੰ ਖਾਰਜ ਕਰਦਾ ਆ ਰਿਹਾ ਹੈ। ਭਾਰਤ ਦਾ ਕਹਿਣਾ ਹੈ ਕਿ ਕੁਲਭੂਸ਼ਣ ਜਾਧਵ ਰਿਟਾਇਰਮੈਂਟ ਲੈ ਚੁੱਕੇ ਸਨ। ਉਹ ਬਿਜ਼ਨੈਸ ਦੇ ਸਿਲਸਿਲੇ 'ਚ ਈਰਾਨ ਗਏ ਸਨ, ਜਿੱਥੋਂ ਪਾਕਿਸਤਾਨੀ ਖੁਫੀਆ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਭਾਰਤ ਨੇ ਪਾਕਿਸਤਾਨ ਦੀ ਫੌਜੀ ਅਦਾਲਤ ਰਾਹੀਂ ਜਾਧਵ ਨੂੰ ਫਾਂਸੀ ਸੁਣਾਏ ਜਾਣ ਦਾ ਵਿਰੋਧ ਕੀਤਾ ਸੀ।