ਭਾਰਤ ਨੇ ਨਹੀਂ ਕੀਤਾ ਚੰਗਾ ਵਰਤਾਓ ਇਸ ਕਰਕੇ ਕੋਈ ਡੀਲ ਨਹੀਂ : ਟਰੰਪ

02/19/2020 8:33:25 PM

ਵਾਸ਼ਿੰਗਟਨ - ਅਗਲੇ ਹਫਤੇ ਭਾਰਤ ਯਾਤਰਾ 'ਤੇ ਆ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਖਿਆ ਹੈ ਕਿ ਉਹ ਭਾਰਤ ਦੇ ਨਾਲ ਵੱਡਾ ਵਪਾਰ ਸਮਝੌਤਾ ਭਵਿੱਖ ਵਿਚ ਕਦੇ ਕਰਨਗੇ। ਟਰੰਪ ਨੇ ਇਹ ਵੀ ਆਖਿਆ ਕਿ ਉਹ ਨਹੀਂ ਜਾਣਦੇ ਕਿ ਭਾਰਤ ਦੇ ਨਾਲ ਸਮਝੌਤਾ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੋ ਪਾਵੇਗਾ ਜਾਂ ਨਹੀਂ। ਵਾਸ਼ਿੰਗਟਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਆਖਿਆ ਕਿ ਅਸੀਂ ਭਾਰਤ ਦੇ ਨਾਲ ਵਪਾਰ ਸਮਝੌਤਾ ਕਰ ਸਕਦੇ ਹਾਂ ਪਰ ਮੈਂ ਇਸ ਵੱਡੇ ਸਮਝੌਤੇ ਨੂੰ ਭਵਿੱਖ ਲਈ ਸੁਰੱਖਿਅਤ ਕਰ ਰਿਹਾ ਹਾਂ। ਅਸੀਂ ਭਾਰਤ ਦੇ ਨਾਲ ਇਕ ਬਹੁਤ ਵੱਡਾ ਸਮਝੌਤਾ ਕਰਨ ਜਾ ਰਹੇ ਹਾਂ। ਅਸੀਂ ਇਹ ਸਮਝੌਤਾ ਕਰਾਂਗੇ ਪਰ ਮੈਂ ਇਹ ਨਹੀਂ ਜਾਣਦਾ ਕਿ ਇਹ ਨਵੰਬਰ ਦੀਆਂ ਚੋਣਾਂ ਤੋਂ ਪਹਿਲਾਂ ਹੋਵੇਗਾ ਜਾਂ ਨਹੀਂ ਪਰ ਅਸੀਂ ਭਾਰਤ ਦੇ ਨਾਲ ਬਹੁਤ ਵੱਡਾ ਸਮਝੌਤਾ ਕਰਾਂਗੇ।

ਅਖਬਾਰ ਏਜੰਸੀ ਪੀ. ਟੀ. ਆਈ. ਨੇ ਆਪਣੀ ਇਕ ਰਿਪੋਰਟ ਵਿਚ ਆਖਿਆ ਹੈ ਕਿ ਟਰੰਪ ਦੀ ਯਾਤਰਾ ਦੌਰਾਨ ਭਾਰਤ ਅਤੇ ਅਮਰੀਕਾ ਇਕ ਟ੍ਰੇਡ ਪੈਕੇਜ 'ਤੇ ਹਸਤਾਖਰ ਕਰ ਸਕਦੇ ਹਨ। ਟਰੰਪ ਨੇ ਪੱਤਰਕਾਰਾਂ ਨਾਲ ਗੱਲਾਬਤ ਕਰਦੇ ਹੋਏ ਇਹ ਵੀ ਆਖਿਆ ਕਿ ਉਹ ਆਪਣੇ ਭਾਰਤ ਦੌਰੇ ਨੂੰ ਲੈ ਕੇ ਉਤਸ਼ਾਹਿਤ ਹਨ। ਉਨ੍ਹਾਂ ਆਖਿਆ ਕਿ ਮੈਨੂੰ ਪ੍ਰਧਾਨ ਮੰਤਰੀ ਮੋਦੀ ਬਹੁਤ ਪਸੰਦ ਹਨ, ਉਨ੍ਹਾਂ ਨੇ ਮੈਨੂੰ ਆਖਿਆ ਹੈ ਕਿ ਏਅਰਪੋਰਟ ਅਤੇ ਇਵੈਂਟ ਵਿਚਾਲੇ 70 ਲੱਖ ਲੋਕ ਹੋਣਗੇ, ਜਿਵੇਂ ਮੈਂ ਸਮਝਦਾ ਹਾਂ ਇਹ ਸਟੇਡੀਅਮ, ਜੋ ਅਜੇ ਬਣ ਰਿਹਾ ਹੈ, ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਉਨ੍ਹਾਂ ਮੈਨੂੰ ਆਖਿਆ ਹੈ ਕਿ ਏਅਰਪੋਰਟ ਅਤੇ ਸਟੇਡੀਅਮ ਵਿਚਾਲੇ 70 ਲੱਖ ਲੋਕ ਹੋਣਗੇ, ਇਹ ਬਹੁਤ ਰੋਮਾਂਚਕ ਹੋਵੇਗਾ। ਅਮਰੀਕਾ ਅਤੇ ਭਾਰਤ ਦੇ ਵਪਾਰ ਸਬੰਧ ਇਨ੍ਹਾਂ ਦਿਨੀਂ ਬਹੁਤ ਚੰਗੇ ਨਹੀਂ ਹਨ। ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਂ ਤਰੀਫ ਕੀਤੀ ਪਰ ਭਾਰਤ ਦੇ ਨਾਲ ਵਪਾਰ ਸਬੰਧਾਂ ਨੂੰ ਲੈ ਕੇ ਨਰਾਜ਼ਗੀ ਵੀ ਜ਼ਾਹਿਰ ਕੀਤੀ। ਉਨ੍ਹਾਂ ਆਖਿਆ ਕਿ ਭਾਰਤ ਸਾਡੇ ਨਾਲ ਬਹੁਤ ਚੰਗਾ ਵਰਤਾਓ ਨਹੀਂ ਕਰਦਾ ਹੈ। ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 24-25 ਫਰਵਰੀ ਨੂੰ ਭਾਰਤ ਦੀ ਯਾਤਰਾ ਕਰਨੀ ਹੈ। ਭਾਰਤ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਹੋ ਸਕਦਾ ਹੈ ਪਰ ਰਾਸ਼ਟਰਪਤੀ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਅਜੇ ਸੰਭਾਵਿਤ ਸਮਝੌਤੇ ਵਿਚ ਹੋਰ ਸਮਾਂ ਲੱਗ ਸਕਦਾ ਹੈ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰ ਸਹਿਯੋਗੀ ਦੇਸ਼ ਹੈ। ਸਾਲ 2019 ਦੀ ਪਹਿਲੀ ਤਿਮਾਹੀ ਵਿਚ ਅਮਰੀਕਾ ਨੇ ਭਾਰਤ ਨੂੰ 45.3 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ। ਉਥੇ ਇਸ ਦੌਰਾਨ ਅਮਰੀਕਾ ਨੇ ਭਾਰਤ ਤੋਂ 65.6 ਅਰਬ ਡਾਲਰ ਦੇ ਉਤਪਾਦ ਅਤੇ ਸੇਵਾਵਾਂ ਆਯਾਤ ਕੀਤੀਆਂ ਸੀ। ਦੋਹਾਂ ਦੇਸ਼ਾਂ ਵਿਚਾਲੇ ਇਸ ਦੌਰਾਨ ਕੁਲ 110.9 ਅਰਬ ਡਾਲਰ ਦਾ ਵਪਾਰ ਹੋਇਆ ਸੀ।

ਭਾਰਤ ਯਾਤਰਾ ਦੌਰਾਨ ਰਾਸ਼ਟਰਪਤੀ ਟਰੰਪ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਨਮਸਤੇ ਟਰੰਪ ਪ੍ਰੋਗਰਾਮ ਵਿਚ ਵੀ ਸ਼ਾਮਲ ਹੋਣਗੇ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਰਹਿ ਸਕਦੇ ਹਨ। ਟਰੰਪ ਦੀ ਯਾਤਰਾ ਦੇ ਮੱਦੇਨਜ਼ਰ ਅਹਿਮਦਾਬਾਦ ਵਿਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸ ਦੌਰਾਨ 12 ਹਜ਼ਾਰ ਤੋਂ ਜ਼ਿਆਦਾ ਪੁਲਸ ਕਰਮੀ ਤੈਨਾਤ ਰਹਿਣਗੇ। ਰਾਸ਼ਟਰਪਤੀ ਟਰੰਪ ਦੀ ਯਾਤਰਾ ਦੇ ਮੱਦੇਨਜ਼ਰ ਏਅਰਪੋਰਟ ਅਤੇ ਸਟੇਡੀਅਮ ਵਿਚਾਲੇ ਪੈਣ ਵਾਲੀਆਂ ਝੁੱਗੀਆਂ ਦੇ ਬਾਹਰ ਕੰਧ ਵੀ ਬਣਾਈ ਗਈ ਹੈ ਤਾਂ ਜੋ ਟਰੰਪ ਦੀ ਨਜ਼ਰ ਝੁੱਗੀਆਂ 'ਤੇ ਨਾ ਪਵੇ। ਝੁੱਗੀ ਵਿਚ ਰਹਿਣ ਵਾਲੇ ਲੋਕਾਂ ਨੇ ਅਹਿਮਦਾਬਾਦ ਨਗਰ ਨਿਗਮ ਪ੍ਰਸ਼ਾਸਨ ਦੇ ਇਸ ਕਦਮ ਦਾ ਵਿਰੋਧ ਵੀ ਕੀਤਾ ਹੈ।

Khushdeep Jassi

This news is Content Editor Khushdeep Jassi