ਕੋਰੋਨਾ ''ਤੇ ਬੋਲੇ ਰਾਹੁਲ- ਤਾੜੀ ਵਜਾਉਣ ਦੀ ਨਹੀਂ, ਆਰਥਿਕ ਪੈਕੇਜ ਦੀ ਲੋੜ

03/21/2020 5:04:25 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ। ਇਸ ਵਾਇਰਸ ਦੀ ਮਾਰ ਦੇਸ਼ ਦੀ ਅਰਥ ਵਿਵਸਥਾ 'ਤੇ ਵੀ ਪਈ ਹੈ। ਇਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਵਲੋਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਤੋਂ ਇਕ ਵੱਡੇ ਆਰਥਿਕ ਪੈਕੇਜ ਦੀ ਮੰਗ ਕੀਤੀ ਹੈ।

ਆਰਥਿਕ ਪੈਕੇਜ ਦੀ ਜ਼ਰੂਰਤ ਹੈ
ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਸਾਡੀ ਨਾਜ਼ੁਕ ਅਰਥ ਵਿਵਸਥਾ 'ਤੇ ਇਕ ਵਾਰ ਹੈ। ਛੋਟੇ, ਮੱਧਮ ਕਾਰੋਬਾਰੀ ਅਤੇ ਦਿਹਾੜੀ ਮਜ਼ਦੂਰ ਇਸ ਨਾਲ ਸਭ ਤੋਂ ਵਧ ਪ੍ਰਭਾਵਿਤ ਹਨ। ਤਾੜੀ ਵਜਾਉਣ ਨਾਲ ਉਨ੍ਹਾਂ ਨੂੰ ਮਦਦ ਨਹੀਂ ਮਿਲੇਗੀ। ਅੱਜ ਨਕਦ ਮਦਦ, ਟੈਕਸ ਬਰੇਕ ਅਤੇ ਕਰਜ਼ ਅਦਾਇਗੀ 'ਤੇ ਰੋਕ ਵਰਗੇ ਇਕ ਵੱਡੇ ਆਰਥਿਕ ਪੈਕੇਜ ਦੀ ਜ਼ਰੂਰਤ ਹੈ। ਤੁਰੰਤ ਕਦਮ ਚੁੱਕੋ।

22 ਮਾਰਚ ਨੂੰ ਜਨਤਾ ਕਰਫਿਊ
ਦੱਸ ਦੇਈਏ ਕਿ ਪੀ.ਐੱਮ. ਮੋਦੀ ਨੇ 22 ਮਾਰਚ ਯਾਨੀ ਐਤਵਾਰ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਤਾ ਕਰਫਿਊ ਦੌਰਾਨ ਇਕ ਖਾਸ ਅਪੀਲ ਵੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਐਤਵਾਰ ਨੂੰ ਸ਼ਾਮ 5 ਵਜੇ ਲੋਕ ਆਪਣੇ ਘਰ ਦੇ ਦਰਵਾਜ਼ੇ ਜਾਂ ਖਿੜਕੀਆਂ ਤੋਂ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ ਕਰੋ- ਤਾੜੀ ਵਜਾ ਕੇ, ਥਾਲੀ ਵਜਾ, ਘੰਟੀ ਵਜਾ ਕੇ।

ਆਰਥਿਕ ਪੈਕੇਜ ਦੇਣ ਦੇ ਸੰਕੇਤ ਦਿੱਤੇ ਸਨ ਸੀਤਾਰਮਨ ਨੇ
ਰਾਹੁਲ ਗਾਂਧੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਖੇਤਰਾਂ ਲਈ ਆਰਥਿਕ ਪੈਕੇਜ ਦੇਣ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਆਰਥਿਕ ਪੈਕੇਜ ਦੀ ਮਦਦ ਜਿੰਨੀ ਜਲਦੀ ਹੋ ਸਕੇਗੀ, ਓਨੀ ਜਲਦੀ ਦਿੱਤੀ ਜਾਵੇਗੀ। ਹਾਲਾਂਕਿ ਨਿਰਮਲਾ ਸੀਤਾਰਮਨ ਨੇ ਪੈਕੇਜ ਦੇ ਐਲਾਨ ਬਾਰੇ ਕੋਈ ਸਮੇਂ-ਹੱਦ ਨਹੀਂ ਦੱਸੀ।

DIsha

This news is Content Editor DIsha