ਨੋਟਬੰਦੀ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ, ਇਸ ਦੀ ਨਿਰਪੱਖ ਜਾਂਚ ਹੋਵੇ : ਸੂਰਜੇਵਾਲਾ

06/23/2018 12:15:57 AM

ਨਵੀਂ ਦਿੱਲੀ — ਕਾਂਗਰਸ ਨੇ ਨੋਟਬੰਦੀ ਦੌਰਾਨ ਕੁਝ ਦਿਨਾਂ ਦੇ ਅੰਦਰ ਗੁਜਰਾਤ ਦੇ ਕਈ ਸਰਕਾਰੀ ਬੈਂਕਾਂ 'ਚ ਹਜ਼ਾਰਾਂ ਕਰੋੜਾਂ ਰੁਪਏ ਜਮ੍ਹਾ ਹੋਣ ਦਾ ਦਾਅਵਾ ਕਰਦੇ ਹੋਏ ਅੱਜ ਦੋਸ਼ ਲਾਇਆ ਕਿ ਨੋਟਬੰਦੀ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਘਪਲਾ ਹੈ, ਜਿਸਦੀ ਵਿਸਥਾਰਿਤ ਅਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ 'ਆਰ. ਟੀ. ਆਈ. ਅਰਜ਼ੀਆਂ ਤੋਂ ਮਿਲੇ ਜਵਾਬ ਦੇ ਕਾਗਜ਼ਾਤ' ਪੇਸ਼ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਰ. ਐੱਸ. ਐੱਸ. ਦੇ ਮੁਖੀ ਮੋਹਨ ਭਾਗਵਤ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਨੋਟਬੰਦੀ ਸਮੇਂ ਭਾਜਪਾ ਅਤੇ ਆਰ. ਐੱਸ. ਐੱਸ. ਨੇ ਕਿਹੜੀਆਂ ਜਾਇਦਾਦਾਂ ਖਰੀਦੀਆਂ ਅਤੇ ਉਨ੍ਹਾਂ ਦੀ ਕੁਲ  ਕੀਮਤ ਕੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਰਜੇਵਾਲਾ ਨੇ ਦੋਸ਼ ਲਗਾਇਆ ਕਿ ਅਮਿਤ ਸ਼ਾਹ, ਜਿਸ ਸਰਕਾਰੀ ਬੈਂਕ ਦੇ ਨਿਰਦੇਸ਼ਕ ਹਨ, ਉਸ ਬੈਂਕ ਨੇ ਨੋਟਬੰਦੀ ਦੇ ਬਾਅਦ 10 ਦਿਨਾਂ ਵਿਚ 745 ਕਰੋੜ ਰੁਪਏ ਜਮ੍ਹਾ ਕਰਵਾਏ। ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ ਗੁਜਰਾਤ ਵਿਚ ਭਾਜਪਾ ਆਗੂਆਂ ਵਲੋਂ ਚਲਾਏ ਜਾ ਰਹੇ 11 ਬੈਂਕਾਂ ਵਿਚ 5 ਦਿਨਾਂ ਅੰਦਰ 3118 ਕਰੋੜ ਰੁਪਏ ਤੋਂ ਵਧ ਜਮ੍ਹਾ ਕਰਵਾਏ ਗਏ। ਸੂਰਜੇਵਾਲਾ ਨੇ ਕਿਹਾ, ''ਕੀ ਪ੍ਰਧਾਨ ਮੰਤਰੀ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਵਾਉਣਗੇ?''