ਦੇਸ਼ ਭਰ 'ਚ ਪਿਆਜ਼ ਕਾਰੋਬਾਰੀਆਂ ਦੇ 100 ਟਿਕਾਣਿਆਂ 'ਤੇ IT ਵਿਭਾਗ ਵੱਲੋਂ ਛਾਪੇਮਾਰੀ

11/11/2019 6:24:35 PM

ਨਵੀਂ ਦਿੱਲੀ — ਦੇਸ਼ 'ਚ ਪਿਆਜ਼ ਦੀ ਆਮਦ ਵਧਾਉਣ ਦੇ ਬਾਵਜੂਦ ਕੀਮਤਾਂ 'ਚ ਕਮੀ ਨਾ ਆਉਣ ਦੇ ਬਾਅਦ ਸਰਕਾਰ ਨੇ ਸਖਤ ਕਦਮ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਭਰ 'ਚ ਪਿਆਜ਼ ਕਾਰੋਬਾਰੀਆਂ ਵਲੋਂ ਪਿਆਜ਼ ਦੀ ਜਮ੍ਹਾਂਖੋਰੀ ਕਰਨ ਅਤੇ ਕੀਮਤਾਂ 'ਚ ਵੱਡੀ ਤੇਜ਼ੀ ਆਉਣ ਦੀ ਜਾਣਕਾਰੀ ਮਿਲਣ ਦੇ ਬਾਅਦ ਆਮਦਨ ਟੈਕਸ ਵਿਭਾਗ ਨੇ ਦੇਸ਼ਭਰ 'ਚ ਪਿਆਜ਼ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਆਮਦਨ ਟੈਕਸ ਵਿਭਾਗ ਨੇ ਦੇਸ਼ਭਰ 'ਚ 100 ਤੋਂ ਜ਼ਿਆਦਾ ਸਥਾਨਾਂ 'ਤੇ ਛਾਪੇਮਾਰੀ ਦੀ ਕਾਰਵਾਈ ਕੀਤੀ ਹੈ। ਆਮਦਨ ਟੈਕਸ ਵਿਭਾਗ ਨੇ ਦਿੱਲੀ, ਰਾਜਸਥਾਨ, ਗੁਜਰਾਤ, ਪੰਜਾਬ, ਹਰਿਆਣਾ, ਚੰਡੀਗੜ੍ਹ, ਨਾਗਪੁਰ, ਨਾਸਿਕ ਅਤੇ ਮੁੰਬਈ 'ਚ ਪਿਆਜ਼ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।

ਦੇਸ਼ ਭਰ ਦੀਆਂ ਮੰਡੀਆਂ 'ਚ ਪਿਆਜ਼ ਦੀ ਸਪਲਾਈ ਵਧਾਉਣ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਇਸ ਦੀਆਂ ਕੀਮਤਾਂ 'ਚ ਵਾਧੇ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਆਜ਼ਾਦਪੁਰ ਮੰਡੀ 'ਚ ਸੋਮਵਾਰ ਨੂੰ ਪਿਆਜ਼ ਦੀ ਆਮਦ 'ਚ ਵਾਧਾ ਹੋਣ ਦੇ ਬਾਵਜੂਦ ਕੀਮਤਾਂ ਘਟ ਹੋਣ ਦੀ ਬਜਾਏ ਵਧ ਗਈਆਂ ਹਨ।  ਕਾਰੋਬਾਰੀਆਂ ਨੇ ਦੱਸਿਆ ਕਿ ਆਜ਼ਾਦਪੁਰ ਮੰਡੀ 'ਚ ਪਿਆਜ਼ ਦੇ ਥੋਕ ਭਾਅ 'ਚ ਕਰੀਬ ਪੰਜ ਰੁਪਏ ਪ੍ਰਤੀ ਕਿਲੋ ਯਾਨੀ ਕਿ 500 ਰੁਪਏ ਪ੍ਰਤੀ ਕਵਿੰਟਲ ਦਾ ਵਾਧਾ ਦਰਜ ਕੀਤਾ ਗਿਆ ਹੈ। 

ਆਜ਼ਾਦਪੁਰ ਮੰਡੀ 'ਚ ਸ਼ਨੀਵਾਰ ਨੂੰ ਜਿਥੇ ਪਿਆਜ਼ ਦੇ ਥੋਕ ਭਾਅ 35-55 ਰੁਪਏ ਪ੍ਰਤੀ ਕਿਲੋ ਸੀ ਉਥੇ ਸੋਮਵਾਰ ਨੂੰ ਥੋਕ ਭਾਅ 50-60 ਰੁਪਏ ਪ੍ਰਤੀ ਕਿਲੋ 'ਤੇ ਆ ਗਿਆ। ਦਿੱਲੀ ਐਨਸੀਆਰ ਦੇ ਬਜ਼ਾਰਾਂ 'ਚ ਖੁਦਰਾ ਕਾਰੋਬਾਰੀ 80-100 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਪਿਆਜ਼ ਵੇਚ ਰਹੇ ਹਨ।

ਪਿਆਜ਼ ਦੀ ਸਪਲਾਈ ’ਚ ਕਮੀ ਦਾ ਕਾਰਣ ਬੇਮੌਸਮੀ ਬਾਰਿਸ਼ ਹੈ, ਜਿਸ ਨਾਲ ਇਸ ਸਾਲ 30 ਤੋਂ 40 ਫ਼ੀਸਦੀ ਉਤਪਾਦਨ ਪ੍ਰਭਾਵਿਤ ਹੋਇਆ ਹੈ। ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੋਂ ਟੱਪ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਐਲਾਨ ਕੀਤਾ ਸੀ ਕਿ ਸਰਕਾਰ ਪਿਆਜ਼ ਦੀ ਦਰਾਮਦ ਅਤੇ ਇਸ ਪ੍ਰਕਿਰਿਆ ਨੂੰ ਸਹਿਜ ਬਣਾਉਣ ਲਈ ਸਹਾਇਤਾ ਕਰੇਗੀ ਅਤੇ ਦੂਜੇ ਦੇਸ਼ਾਂ ਤੋਂ ਛੇਤੀ ਸਪਲਾਈ ਯਕੀਨੀ ਕਰੇਗੀ। ਇਸ ਨੂੰ ਹਾਸਲ ਕਰਨ ਲਈ ਖੇਤੀਬਾੜੀ ਮੰਤਰਾਲਾ ਨੇ ਫਾਇਟੋਸੈਨੇਟਰੀ ਅਤੇ ਫਿਊਮਿਗੇਸ਼ਨ ਦੀਆਂ ਜ਼ਰੂਰਤਾਂ ਨੂੰ ਸਰਲ ਬਣਾਇਆ ਹੈ। ਅਫਗਾਨਿਸਤਾਨ, ਮਿਸਰ, ਤੁਰਕੀ ਅਤੇ ਈਰਾਨ ’ਚ ਭਾਰਤੀ ਮਿਸ਼ਨਾਂ ਨੂੰ ਭਾਰਤ ਨੂੰ ਪਿਆਜ਼ ਦੀ ਸਪਲਾਈ ਸੁਵਿਧਾਜਨਕ ਬਣਾਉਣ ਲਈ ਕਿਹਾ ਗਿਆ ਹੈ।