ਪੀਲੀਭੀਤ ਸੜਕ ਹਾਦਸੇ ''ਚ 9 ਦੀ ਮੌਤ ਅਤੇ 32 ਜ਼ਖ਼ਮੀ, CM ਯੋਗੀ ਨੇ ਕੀਤਾ ਮੁਆਵਜੇ ਦਾ ਐਲਾਨ

10/17/2020 11:34:43 PM

ਪੀਲੀਭੀਤ / ਲਖਨਊ : ਪੀਲੀਭੀਤ ਜ਼ਿਲ੍ਹੇ ਦੇ ਪੂਰਨਪੁਰ 'ਚ ਸ਼ਨੀਵਾਰ ਸਵੇਰੇ ਬੋਲੈਰੋ ਜੀਪ ਅਤੇ ਰੋਡਵੇਜ ਬੱਸ ਵਿਚਾਲੇ ਟੱਕਰ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ 32 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨੇ ਘਟਨਾ 'ਤੇ ਦੁੱਖ ਜਤਾਉਂਦੇ ਹੋਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੂਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਪੁਲਸ ਪ੍ਰਧਾਨ ਜੈਪ੍ਰਕਾਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਤੜਕੇ ਤਿੰਨ ਤੋਂ ਚਾਰ ਵਜੇ ਵਿਚਾਲੇ ਪੂਰਨਪੁਰ ਕੋਤਵਾਲੀ ਖੇਤਰ 'ਚ ਪੀਲੀਭੀਤ ਡਿਪੋ ਦੀ ਰੋਡਵੇਜ ਬੱਸ ਸਵਾਰੀਆਂ ਨੂੰ ਲੈ ਕੇ ਲਖਨਊ ਤੋਂ ਪੀਲੀਭੀਤ ਆ ਰਹੀ ਸੀ, ਉਥੇ ਹੀ ਦੂਜੇ ਪਾਸੇ ਜੀਪ ਵੀ ਸਵਾਰੀ ਲੈ ਕੇ ਪੂਰਨਪੁਰ ਵੱਲੋਂ ਆ ਰਹੀ ਸੀ। ਥਾਣਾ ਪੂਰਨਪੁਰ ਦੇ ਰਾਸ਼ਟਰੀ ਰਾਜ ਮਾਰਗ 730 ਦੇ ਸੋਹਰਾਮਊ ਬਾਰਡਰ ਕੋਲ ਬੱਸ ਅਤੇ ਜੀਪ 'ਚ ਟੱਕਰ ਹੋ ਗਈ ਜਿਸ 'ਚ ਬੱਸ ਅਤੇ ਜੀਪ ਦੋਵੇਂ ਪਲਟ ਗਈਆਂ।

ਉਨ੍ਹਾਂ ਦੱਸਿਆ ਕਿ ਬੱਸ ਪਲਟਣ ਨਾਲ ਕਈ ਸਵਾਰੀਆਂ ਉਸਦੇ ਹੇਠਾਂ ਦੱਬ ਗਈਆਂ, ਉਥੇ ਹੀ ਪਿਕਅੱਪ 'ਚ ਵੀ ਸਵਾਰ ਲੋਕਾਂ ਨੂੰ ਸੱਟਾਂ ਆਈਆਂ ਹਨ। ਇਸ ਹਾਦਸੇ 'ਚ ਬੱਸ ਚਾਲਕ ਸਮੇਤ 9 ਲੋਕਾਂ ਦੀ ਮੌਤ ਹੋ ਗਈ।

ਪੁਲਿਸ ਪ੍ਰਧਾਨ ਨੇ ਦੱਸਿਆ ਕਿ ਬੱਸ 'ਚ 40 ਯਾਤਰੀ ਅਤੇ ਜੀਪ 'ਚ 10 ਯਾਤਰੀ ਸਵਾਰ ਸਨ। ਹਾਦਸੇ 'ਚ 32 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ। ਇਸ ਹਾਦਸੇ 'ਚ ਸੱਤ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦੋਂ ਕਿ ਦੋ ਲੋਕਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। 

ਲਖਨਊ 'ਚ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੀਲੀਭੀਤ ਦੇ ਹਾਦਸੇ 'ਤੇ ਡੂੰਘਾ ਸੋਗ ਪ੍ਰਗਟਾਇਆ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਆਰਥਕ ਸਹਾਇਤਾ ਪ੍ਰਦਾਨ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਹਨ।
 

Inder Prajapati

This news is Content Editor Inder Prajapati