ਸਹੁਰੇ ਪਰਿਵਾਰ ਨੇ ਨਵ ਵਿਆਹੁਤਾ ਨੂੰ ਜਿਉਂਦੇ ਸਾੜਿਆ, 5 ਮਹੀਨੇ ਪਹਿਲਾਂ ਹੋਇਆ ਸੀ ਵਿਆਹ

10/30/2019 12:29:49 PM

ਬਾਂਦਾ (ਉੱਤਰ ਪ੍ਰਦੇਸ਼)— ਫਤਿਹਪੁਰ ਜ਼ਿਲੇ ਦੇ ਪੈਗੰਬਰਪੁਰ ਬਕਰੀ ਪਿੰਡ 'ਚ ਇਕ ਨਵ ਵਿਆਹੁਤਾ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਪੈਟਰੋਲ ਛਿੜਕ ਕੇ ਸਾੜ ਦਿੱਤਾ, ਜਿਸ ਨਾਲ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਗਾਜੀਪੁਰ ਦੇ ਥਾਣਾ ਮੁਖੀ (ਐੱਸ.ਓ.) ਸੰਦੀਪ ਤਿਵਾੜੀ ਨੇ ਬੁੱਧਵਾਰ ਨੂੰ ਦੱਸਿਆ ਕਿ ਸੋਮਵਾਰ ਦੀ ਸਵੇਰ ਪੈਗੰਬਰਪੁਰ ਬਕਰੀ ਪਿੰਡ 'ਚ ਨਵ ਵਿਆਹੁਤਾ ਕਮਲਾ ਦੇਵੀ (20) ਸ਼ੱਕੀ ਹਾਲਾਤਾਂ 'ਚ ਅੱਗ ਨਾਲ ਝੁਲਸ ਗਈ ਸੀ, ਜਿਸ ਦੀ ਮੰਗਲਵਾਰ ਸ਼ਾਮ ਕਾਨਪੁਰ ਹਸਪਤਾਲ ਲਿਜਾਂਦੇ ਸਮੇਂ ਰਸਤੇ 'ਚ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਬਾਂਦਾ ਜ਼ਿਲੇ ਦੇ ਕਮਾਸਿਨ ਥਾਣਾ ਖੇਤਰ ਦੇ ਕੋਰਰਾ ਪੁਰਵਾ ਦੀ ਨਿਵਾਸੀ ਵਿਆਹੁਤਾ ਦੀ ਮਾਂ ਮੋਤੀਆ ਦੇਵੀ ਨੇ ਸ਼ਿਕਾਇਤ ਦਰਜ ਕਰਵਾਈ ਹੈ।

ਸ਼ਿਕਾਇਤ 'ਚ ਉਸ ਨੇ ਦੱਸਿਆ ਕਿ ਉਸ ਨੇ ਬੇਟੀ ਦਾ ਵਿਆਹ 5 ਮਹੀਨੇ ਪਹਿਲਾਂ ਸ਼੍ਰੀਰਾਮ ਕੁਸ਼ਵਾਹਾ ਨਾਲ ਕੀਤਾ ਸੀ। ਵਿਆਹ ਦੇ ਬਾਅਦ ਤੋਂ ਹੀ ਪਤੀ ਸ਼੍ਰੀਰਾਮ, ਸੱਸ ਚੰਪਾ, ਸਹੁਰਾ ਭੋਲਾ ਅਤੇ ਦਿਓਰ ਅੰਕਿਤ ਦਾਜ 'ਚ ਮੋਟਰਸਾਈਕਲ ਨਾ ਮਿਲਣ 'ਤੇ ਬੇਟੀ ਨੂੰ ਤੰਗ ਕਰਦੇ ਸਨ। ਤਿਵਾੜੀ ਨੇ ਮ੍ਰਿਤਕਾ ਦੀ ਮਾਂ ਮੋਤੀਆ ਦੇਵੀ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਪਤੀ ਸ਼੍ਰੀਰਾਮ, ਸੱਸ ਚੰਪਾ, ਸਹੁਰੇ ਭੋਲਾ ਅਤੇ ਦਿਓਰ ਅੰਕਿਤ ਵਿਰੁੱਧ ਦਾਜ ਕਤਲ ਦਾ ਮੁਕੱਦਮਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਨਾਮਜ਼ਦ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

DIsha

This news is Content Editor DIsha