ਰਾਹੁਲ ਦਾ ਮੋਦੀ ’ਤੇ ਤੰਜ, ਕਿਹਾ- ਕਿਸਾਨਾਂ ਦੀ ਅਣਦੇਖੀ ਨਾਲ ਆਤਮ-ਨਿਰਭਰਤਾ ਨਹੀਂ ਆਵੇਗੀ

12/28/2020 6:15:09 PM

ਨਵੀਂ ਦਿੱਲੀ— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਦਾ ਅੰਨਦਾਤਾ ਸੜਕਾਂ ’ਤੇ ਅੰਦੋਲਨ ਕਰ ਰਿਹਾ ਹੈ ਅਤੇ ਸਰਕਾਰ ਨਾਲ ਅਣਗੌਲਿਆ ਵਿਵਹਾਰ ਕਰ ਰਹੀ ਹੈ ਪਰ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨਾਂ ਦੀ ਅਣਦੇਖੀ ਕਰ ਕੇ ਦੇਸ਼ ’ਚ ਆਤਮ-ਨਿਰਭਰਤਾ ਨਹੀਂ ਸਕਦੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਕਿਸਾਨ ਦੀ ਆਤਮ-ਨਿਰਭਰਤਾ ਦੇ ਬਿਨਾਂ ਦੇਸ਼ ਕਦੇ ਆਤਮ ਨਿਰਭਰ ਨਹੀਂ ਬਣ ਸਕਦਾ। ਖੇਤੀ ਵਿਰੋਧੀ ਕਾਨੂੰਨ ਵਾਪਸ ਲਓ। ਕਿਸਾਨ ਬਚਾਓ, ਦੇਸ਼ ਬਚਾਓ।

ਇਸ ਦਰਮਿਆਨ ਕਾਂਗਰਸ ਸੰਚਾਰ ਮਹਿਕਮੇ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੇ ਕਰੋੜਾਂ ਕਿਸਾਨ ਦਿੱਲੀ ਦੀਆਂ ਸੜਕਾਂ ’ਤੇ ਬੈਠ ਕੇ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰ ਰਹੇ ਹਨ ਪਰ ਸਰਕਾਰ ਨੂੰ ਉਨ੍ਹਾਂ ਦੀ ਚਿੰਤਾ ਨਹੀਂ ਹੈ। ਸਰਕਾਰ ਉਨ੍ਹਾਂ ਬਾਰੇ ਕੋਈ ਵਿਚਾਰ ਨਹੀਂ ਕਰ ਰਹੀ ਹੈ। 
ਕੜਾਕੇ ਦੀ ਠੰਡ ਦਰਮਿਆਨ ਕਿਸਾਨ ਸੜਕਾਂ ’ਤੇ ਬੈਠਾ ਹੈ ਅਤੇ ਸਰਕਾਰ ਨੂੰ ਉਨ੍ਹਾਂ ਦੀ ਸਾਰ ਲੈਣੀ ਚਾਹੀਦੀ ਹੈ। ਹੁਣ ਤੱਕ ਅੰਦੋਲਨ ਕਰ ਰਹੇ 47 ਕਿਸਾਨਾਂ ਦੀ ਜਾਨ ਜਾ ਚੁੱਕੀ ਹੈ ਅਤੇ ਸਰਕਾਰ ਸ਼ਾਂਤ ਹੋ ਕੇ ਤਮਾਸ਼ਾ ਵੇਖ ਰਹੀ ਹੈ। ਉਨ੍ਹਾਂ ਨੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਰਹਿਮ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਸਰਕਾਰ ਨਹੀਂ ਚੱਲਦੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਸਥਾਪਨਾ ਦਿਵਸ ’ਤੇ ਮੋਦੀ ਨੂੰ ਅਪੀਲ ਹੈ ਕਿ ਉਹ ਜ਼ਿੱਦ ਛੱਡਣ, ਈਸਟ ਇੰਡੀਆ ਕੰਪਨੀ ਵਾਂਗ ਕਿਸਾਨਾਂ ਨਾਲ ਵਿਵਹਾਰ ਨਾ ਕਰਨ, ਆਪਣੇ ਮਨ ਦੇ ਬੂਹੇ ਖੋਲ੍ਹ ਕੇ ਕਿਸਾਨਾਂ ਨਾਲ ਗੱਲ ਕਰਨ ਅਤੇ ਖੇਤੀ ਸਬੰਧੀ ਤਿੰਨੋਂ ਕਾਲੇ ਕਾਨੂੰਨ ਖ਼ਤਮ ਕਰਨ ਦਾ ਸਰਕਾਰ ਫ਼ੈਸਲਾ ਲਵੇ। 

Tanu

This news is Content Editor Tanu