ਅੱਤਵਾਦੀ ਮਸੂਦ ਅਜ਼ਹਰ ਦੀ ਧਮਕੀ-ਰਾਮ ਮੰਦਰ ਬਣਿਆ ਤਾਂ ਤਬਾਹੀ ਮਚਾ ਦੇਵਾਂਗੇ

11/30/2018 10:11:09 PM

ਨਵੀਂ ਦਿੱਲੀ–ਰਾਮ ਮੰਦਰ ਦੇ ਨਿਰਮਾਣ ਨੂੰ ਲੈ ਕੇ ਜਿਥੇ ਭਾਰਤ 'ਚ ਘਮਾਸਾਨ ਮਚਿਆ ਹੋਇਆ ਹੈ, ਉਥੇ ਕਈ ਅੱਤਵਾਦੀ ਸੰਗਠਨਾਂ ਨੇ ਵੀ ਇਸ ਮਾਮਲੇ 'ਤੇ ਆਪਣੀਆਂ ਨਜ਼ਰਾਂ ਗੱਡੀਆਂ ਹੋਈਆਂ ਹਨ। ਦਰਅਸਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਣੇ ਮਸੂਦ ਅਜ਼ਹਰ ਨੇ ਬਾਬਰੀ ਮਸਜਿਦ ਸਬੰਧੀ 9 ਮਿੰਟ ਦਾ ਆਡੀਓ ਜਾਰੀ ਕੀਤਾ ਹੈ। ਆਡੀਓ 'ਚ ਅਜ਼ਹਰ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਭਾਰਤ 'ਚ ਜੇਕਰ ਬਾਬਰੀ ਮਸਜਿਦ ਦੀ ਜਗ੍ਹਾ 'ਤੇ ਰਾਮ ਮੰਦਰ ਬਣਾਇਆ ਜਾਂਦਾ ਹੈ ਤਾਂ ਦਿੱਲੀ ਤੋਂ ਕਾਬੁਲ ਤੱਕ ਮੁਸਲਮਾਨ ਲੜ ਕੇ ਇਸ ਦਾ ਬਦਲਾ ਲੈਣ ਅਤੇ ਪੂਰੀ ਤਰ੍ਹਾਂ ਤਬਾਹੀ ਮਚਾਉਣ ਲਈ ਤਿਆਰ ਹਨ।
ਅਜ਼ਹਰ ਨੇ ਕਿਹਾ ਕਿ ਸਾਡੀ ਬਾਬਰੀ ਮਸਜਿਦ ਨੂੰ ਡੇਗ ਕੇ ਉਥੇ ਅਸਥਾਈ ਮੰਦਰ ਬਣਾਇਆ ਗਿਆ ਹੈ, ਉਥੇ ਹਿੰਦੂ ਲੋਕ ਤ੍ਰਿਸ਼ੂਲਾਂ ਨਾਲ ਇਕੱਠੇ ਹੋ ਰਹੇ ਹਨ। ਮੁਸਲਮਾਨ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ। ਅਜਿਹੇ ਹਾਲਾਤ 'ਚ ਸਾਨੂੰ ਇਕ ਵਾਰ ਫਿਰ ਤੋਂ ਬਾਬਰੀ ਮਸਜਿਦ ਬੁਲਾ ਰਹੀ ਹੈ। ਇਸ ਆਡੀਓ 'ਚ ਮਸੂਦ ਅਜ਼ਹਰ ਨੇ ਪ੍ਰਧਾਨ ਮੰਤਰੀ ਨਰਿੰਦਰ ਖਿਲਾਫ ਵੀ ਬਿਆਨਬਾਜ਼ੀ ਕਰਦੇ ਹੋਏ ਕਿਹਾ ਕਿ ਇਹ ਸਭ ਮੋਦੀ ਚੋਣਾਂ ਲਈ ਕਰ ਰਿਹਾ ਹੈ। ਆਡੀਓ 'ਚ ਅਜ਼ਹਰ ਨੇ ਕਿਹਾ ਕਿ ਅਸੀਂ ਬਾਬਰੀ ਮਸਜਿਦ 'ਤੇ ਨਜ਼ਰ ਬਣਾਈ ਬੈਠੇ ਹਾਂ। ਤੁਸੀਂ ਸਰਕਾਰੀ ਖਰਚ ਕਰਨ ਦਾ ਮਾਦਾ ਰੱਖਦੇ ਹੋ ਤਾਂ ਅਸੀਂ ਜਾਨ ਖਰਚ ਕਰਨ ਲਈ ਤਿਆਰ ਹਾਂ। ਇੰਨਾ ਹੀ ਨਹੀਂ, ਇਸ ਆਡੀਓ 'ਚ ਅਜ਼ਹਰ ਨੇ ਕਰਤਾਰਪੁਰ ਕਾਰੀਡੋਰ ਬਾਰੇ ਵੀ ਟਿੱਪਣੀ ਕੀਤੀ। ਉਸ ਨੇ ਪਾਕਿਸਤਾਨ ਸਰਕਾਰ ਵਲੋਂ ਭਾਰਤ ਦੇ ਮੰਤਰੀਆਂ ਨੂੰ ਬੁਲਾਉਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ।