ਲੋੜ ਪਈ ਤਾਂ ਭੀਮਾ-ਕੋਰੇਗਾਂਵ ਦੁਹਰਾ ਦੇਵਾਂਗੇ

03/16/2019 1:54:05 AM

ਨਵੀਂ ਦਿੱਲੀ, (ਇੰਟ.)– ਪੱਛਮੀ ਉੱਤਰ ਪ੍ਰਦੇਸ਼ ਵਿਚ ਦਲਿਤ ਨੌਜਵਾਨਾਂ ਵਿਚ ਚੰਗੀ ਖਾਸੀ ਪਛਾਣ ਬਣਾ ਚੁੱਕੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਜੰਤਰ-ਮੰਤਰ 'ਤੇ ਬਹੁਜਨ ਹੁੰਕਾਰ ਰੈਲੀ ਕੀਤੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਇਥੇ ਉਨ੍ਹਾਂ ਨੇ ਵਾਦ-ਵਿਵਾਦ ਵਾਲਾ ਬਿਆਨ ਦੇ ਦਿੱਤਾ। ਚਿਤਾਵਨੀ ਭਰੇ ਲਹਿਜੇ ਵਿਚ ਚੰਦਰ ਸ਼ੇਖਰ ਨੇ ਕਿਹਾ ਕਿ ਜਿਸ ਦਿਨ ਦੇਸ਼ ਦੇ ਸੰਵਿਧਾਨ 'ਤੇ ਆਂਚ ਆਈ ਤਾਂ ਭੀਮਾ-ਕੋਰੇਗਾਂਵ ਦੁਹਰਾ ਦੇਵਾਂਗੇ। ਤੁਹਾਨੂੰ ਦੱਸ ਦੇਈਏ ਕਿ ਦੋ ਦਿਨ ਪਹਿਲਾਂ ਕਾਂਗਰਸ ਜਨਰਲ ਸਕੱਤਰ ਅਤੇ ਪੂਰਬੀ ਯੂ. ਪੀ. ਦੀ ਇੰਚਾਰਜ ਪ੍ਰਿਯੰਕਾ ਗਾਂਧੀ ਵਢੇਰਾ ਨੇ ਹਸਪਤਾਲ ਜਾ ਕੇ ਚੰਦਰ ਸ਼ੇਖਰ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਯੋਗੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨੌਜਵਾਨਾਂ ਦੀ ਆਵਾਜ਼ ਦਬਾਈ ਜਾ ਰਹੀ ਹੈ।  ਸ਼ੁੱਕਰਵਾਰ ਨੂੰ ਲੋਕਾਂ ਨੂੰ ਚੌਕਸ ਕਰਦੇ ਹੋਏ ਚੰਦਰ ਸ਼ੇਖਰ ਨੇ ਕਿਹਾ,''ਵੋਟ ਦੇਣ ਤੋਂ ਪਹਿਲਾਂ ਰੋਹਿਤ ਬੇਮੁਲਾ ਦੀ ਸ਼ਹਾਦਤ ਨੂੰ ਯਾਦ ਰੱਖਣਾ, ਊਨਾ ਕਾਂਡ ਯਾਦ ਹੈ ਨਾ, 2 ਅਪ੍ਰੈਲ ਭੁੱਲੇ ਤਾਂ ਨਹੀਂ ਹੋ, ਕਿਸ ਨੇ ਗੋਲੀ ਚਲਾਈ, ਕਿਸ ਨੇ   ਮਾਰਿਆ ਸਾਡੇ ਲੋਕਾਂ ਨੂੰ, ਉਨ੍ਹਾਂ ਦੀ ਕੁਰਬਾਨੀ ਭੁੱਲ ਕੇ ਵੋਟ ਦੇਵੋਗੇ, ਪਰ ਯਾਦ ਰੱਖਣਾ ਅੱਤਿਆਚਾਰੀ ਅੱਤਿਆਚਾਰੀ  ਹੁੰਦਾ ਹੈ, ਮਨੂਵਾਦ ਦਾ ਪੋਸ਼ਕ ਕਦੇ ਤੁਹਾਡਾ ਹਿਤੈਸ਼ੀ ਨਹੀਂ ਹੋ ਸਕਦਾ।'' ਆਜ਼ਾਦ ਨੇ ਅੱਗੇ ਕਿਹਾ,''ਭੀਮਾ-ਕੋਰੇਗਾਂਵ ਦੁਹਰਾ ਦੇਵਾਂਗੇ। ਅਜੇ ਲੋੜ ਨਹੀਂ ਪਈ ਹੈ ਪਰ ਜਿਸ ਦਿਨ ਇਸ ਦੇਸ਼ ਦੇ ਸੰਵਿਧਾਨ 'ਤੇ ਆਂਚ ਆਈ ਤਾਂ ਭੀਮਾ-ਕੋਰੇਗਾਂਵ ਵੀ ਦੁਹਰਾ ਦੇਵਾਂਗੇ।''

KamalJeet Singh

This news is Content Editor KamalJeet Singh