ਵਾਲੇਟ ਯੂਜ਼ਰਜ਼ ਲਈ ਜ਼ਰੂਰੀ ਖਬਰ, KYC ਨਾ ਕਰਵਾਈ ਤਾਂ ਨਹੀਂ ਕਰ ਸਕੋਗੇ ਭੁਗਤਾਨ

08/22/2019 2:27:49 PM

ਨਵੀਂ ਦਿੱਲੀ — ਪੇਟੀਐਮ(paytm), ਫੋਨਪੇਅ ਵਰਗੇ ਭੁਗਤਾਨ ਵਾਲੇਟ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਨੇ ਜੇਕਰ ਕੇਵਾਈਸੀ(KYC) ਪੂਰੀ ਨਾ ਕਰਵਾਈ ਤਾਂ ਅਗਲੇ ਮਹੀਨੇ ਤੋਂ ਉਨ੍ਹਾਂ ਦਾ ਵਾਲੇਟ ਕੰਮ ਕਰਨਾ ਬੰਦ ਕਰ ਦੇਵੇਗਾ। ਰਿਜ਼ਰਵ ਬੈਂਕ ਵਲੋਂ ਭੁਗਤਾਨ ਵਾਲੇਟ ਕੰਪਨੀਆਂ ਨੂੰ ਦਿੱਤੀ ਗਈ ਸਮਾਂ ਹੱਦ 31 ਅਗਸਤ ਨੂੰ ਖਤਮ ਹੋ ਰਹੀ ਹੈ। 

ਦਰਅਸਲ ਰਿਜ਼ਰਵ ਬੈਂਕ ਨੇ KYC ਕਰਵਾਉਣ ਦੀ ਮਿਆਦ 1 ਫਰਵਰੀ 2019 ਤੈਅ ਕੀਤੀ ਸੀ। ਬਾਅਦ ਵਿਚ ਕੰਪਨੀਆਂ ਦੇ ਕਹਿਣ 'ਤੇ ਇਹ ਮਿਆਦ 6 ਮਹੀਨੇ ਲਈ ਹੋਰ ਵਧਾ ਦਿੱਤੀ ਗਈ ਸੀ। KYC  ਪੂਰੀ ਕਰਨ ਲਈ ਉਪਭੋਗਤਾਵਾਂ ਕੋਲ ਸਿਰਫ 9 ਦਿਨ ਦਾ ਸਮਾਂ ਬਚਿਆ ਹੈ। ਅੰਦਾਜ਼ੇ ਮੁਤਾਬਕ ਹੁਣ ਤੱਕ 30 ਤੋਂ 40 ਫੀਸਦੀ ਗਾਹਕਾਂ ਨੇ ਵਾਲੇਟ ਦੀ KYC ਪੂਰੀ ਨਹੀਂ ਕਰਵਾਈ ਹੈ। ਅਜਿਹੇ 'ਚ ਸਤੰਬਰ ਤੋਂ ਉਨ੍ਹਾਂ ਨੂੰ ਇਨ੍ਹਾਂ ਵਾਲੇਟ ਦਾ ਇਸਤੇਮਾਲ ਕਰਨ 'ਚ ਪਰੇਸ਼ਾਨੀ ਹੋ ਸਕਦੀ ਹੈ। 

ਬਦਲ ਗਏ ਹਨ KYC  ਦੇ ਨਿਯਮ

ਰਿਜ਼ਰਵ ਬੈਂਕ ਨੇ ਵਾਲੇਟ KYC ਨਿਯਮਾਂ ਵਿਚ ਬਦਲਾਅ ਕੀਤਾ ਹੈ। ਨਵੇਂ ਮਾਪਦੰਡਾਂ ਦੇ ਤਹਿਤ ਵਾਲੇਟ 'ਤੇ ਗਾਹਕਾਂ ਨੂੰ ਪੈਨ ਕਾਰਡ, ਆਧਾਰ ਨੰਬਰ ਵਰਗੇ ਦਸਤਾਵੇਜ਼ ਅਪਲੋਡ ਕਰਵਾਉਣੇ ਹੁੰਦੇ ਹਨ ਅਤੇ ਇਸ ਤੋਂ ਬਾਅਦ ਸਬੰਧਿਤ ਕੰਪਨੀ ਦੇ ਏਜੈਂਟ ਦਿੱਤੇ ਗਏ ਪਤੇ 'ਤੇ ਜਾ ਕੇ ਤਸਦੀਕ(ਪੁਸ਼ਟੀ) ਕਰਦੇ ਹਨ। 
ਵਾਲੇਟ ਕੰਪਨੀਆਂ ਦਾ ਕਹਿਣਾ ਹੈ ਕਿ ਭੌਤਿਕ ਤਸਦੀਕ ਨਾਲ ਉਨ੍ਹਾਂ ਦਾ ਖਰਚਾ ਕਈ ਗੁਣਾ ਵਧ ਗਿਆ ਹੈ। ਪੇਟੀਐਮ ਅਤੇ ਹੋਰ ਵਾਲੇਟ ਕੰਪਨੀਆਂ ਨੇ ਰਿਜ਼ਰਵ ਬੈਂਕ ਨੂੰ ਆਡਿਓ ਕੇਵਾਈਸੀ ਕਰਵਾਉਣ ਦਾ ਵਿਕਲਪ ਦੇਣ ਦੀ ਬੇਨਤੀ ਕੀਤੀ ਸੀ, ਪਰ ਅਜੇ ਤੱਕ ਇਸ 'ਤੇ ਫੈਸਲਾ ਨਹੀਂ ਹੋਇਆ ਹੈ।

50 ਕਰੋੜ ਤੋਂ ਜ਼ਿਆਦਾ ਉਪਭੋਗਤਾ

ਦੇਸ਼ 'ਚ ਮੌਜੂਦਾ ਸਮੇਂ 'ਚ ਇਕ ਦਰਜਨ ਤੋਂ ਵੀ ਜ਼ਿਆਦਾ ਭੁਗਤਾਨ ਵਾਲੇਟ ਪ੍ਰਸਿੱਧ ਹਨ। ਇਨ੍ਹਾਂ ਨਾਲ ਜੁੜੇ ਗਾਹਕਾਂ ਦੀ ਸੰਖਿਆ 50 ਕਰੋੜ ਤੋਂ ਵੀ ਜ਼ਿਆਦਾ ਹੈ। ਸਿਰਫ ਪੇਟੀਐਮ ਦੇ ਕੋਲ ਮੌਜੂਦਾ ਸਮੇਂ 'ਚ 35 ਕਰੋੜ ਤੋਂ ਜ਼ਿਆਦਾ ਗਾਹਕ ਹਨ। ਇਸ ਤੋਂ ਇਲਾਵਾ ਗੂਗਲ ਪੇਅ, ਫੋਨ ਪੇਅ, ਮੋਬੀਕਵਿੱਕ, ਯੋਨੋ ਸਟੇਟ ਬੈਂਕ, ਆਈ.ਸੀ.ਆਈ.ਸੀ.ਆਈ. ਪਾਕੇਟ, ਐਚ.ਡੀ.ਐਫ.ਸੀ. ਪੇਜੈਪ, ਭੀਮ ਐਪ, ਐਮਾਜ਼ੋਨ-ਪੇਅ ਅਤੇ ਫਰੀ-ਚਾਰਜ ਦਾ ਵੀ ਕਰੋੜਾਂ ਉਪਭੋਗਤਾ ਇਸਤੇਮਾਲ ਕਰ ਰਹੇ ਹਨ। 

KYC ਕਰਵਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਪੇਟੀਐਮ ਨੇ ਆਪਣੇ ਉਪਭੋਗਤਾਵਾਂ ਨੂੰ ਸਲਾਹ ਦਿੱਤੀ ਹੈ ਕਿ ਕੰਪਨੀ ਦੇ ਐਗਜ਼ੀਕਿਊਟਿਵ ਤੋਂ ਹੀ ਵਾਲੇਟ ਦੀ ਕੇਵਾਈਸੀ ਪੂਰੀ ਕਰਵਾਉਣ। ਇਸ ਦੇ ਲਈ ਐਨੀਡੈਸਕ ਅਤੇ ਕਵਿੱਕਸ ਪਾਰਟ ਵਰਗੇ ਐਪ ਦਾ ਇਸਤੇਮਾਲ ਨਾ ਕਰੋ। ਕੰਪਨੀ ਨੇ ਕਿਹਾ ਹੈ ਕਿ ਅਜਿਹੇ ਰਿਮੋਟ ਐਪ ਦੇ ਜ਼ਰੀਏ ਜਾਲਸਾਜ਼ ਤੁਹਾਡੇ ਫੋਨ ਤੋਂ ਜਾਣਕਾਰੀਆਂ ਹੈਕ ਕਰਕੇ ਵਿੱਤੀ ਨੁਕਸਾਨ ਪਹੁੰਚਾ ਸਕਦੀਆਂ ਹਨ।

ਫਿਰ ਵੀ ਕਿਸੇ ਕਾਰਨ ਜੇਕਰ ਤੁਸੀਂ ਇਹ ਐਪ ਡਾਊਨਲੋਡ ਕਰਦੇ ਵੀ ਹੋ ਤਾਂ ਵੈਰੀਫਿਕੇਸ਼ਨ ਕੋਡ ਕਿਸੇ ਨਾਲ ਵੀ ਸ਼ੇਅਰ ਨਾ ਕਰੋ। ਫਿਰ ਭਾਵੇਂ ਉਹ ਬੈਂਕ ਜਾਂ ਮੋਬਾਇਲ ਵਾਲੇਟ ਕੰਪਨੀ ਦਾ ਐਗਜ਼ੀਕਿਊਟਿਵ ਹੀ ਕਿਉਂ ਨਾ ਹੋਵੇ।