ਹੈਦਰਾਬਾਦ ਐਨਕਾਊਂਟਰ : ਸੁਪਰੀਮ ਕੋਰਟ ਬੁੱਧਵਾਰ ਨੂੰ ਕਰੇਗਾ ਸੁਣਵਾਈ

12/09/2019 12:21:17 PM

ਨਵੀਂ ਦਿੱਲੀ— ਹੈਦਰਾਬਾਦ ਗੈਂਗਰੇਪ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਪੁਲਸ ਐਨਕਾਊਂਟਰ 'ਚ ਮਾਰੇ ਜਾਣ ਦਾ ਮਾਮਲਾ ਸੁਪੀਰਮ ਕੋਰਟ ਪੁੱਜ ਗਿਆ ਹੈ। ਇਸ ਘਟਨਾ ਦੀ ਨਿਰਪੱਖ ਜਾਂਚ ਲਈ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਐਨਕਾਊਂਟਰ ਦੀ ਨਿਰਪੱਖ ਜਾਂਚ ਨੂੰ ਲੈ ਕੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ ਹੈ। ਕੋਰਟ ਨੇ ਕਿਹਾ ਕਿ ਇਸ ਮਾਮਲੇ 'ਤੇ ਬੁੱਧਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਪਟੀਸ਼ਨਾਂ 3 ਵਕੀਲਾਂ- ਜੀ. ਐੱਸ. ਮਣੀ, ਮਨੋਹਰ ਲਾਲ ਸ਼ਰਮਾ ਅਤੇ ਪ੍ਰਦੀਪ ਕੁਮਾਰ ਯਾਦਵ ਵਲੋਂ ਮਾਮਲੇ ਦਾ ਵਿਸ਼ੇਸ਼ ਜ਼ਿਕਰ ਚੀਫ ਜਸਟਿਸ ਐੱਸ. ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਸਾਹਮਣੇ ਕੀਤਾ ਗਿਆ ਅਤੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਤੁਰੰਤ ਸੁਣਵਾਈ ਦੀ ਅਪੀਲ ਕੀਤੀ ਗਈ। ਜਸਟਿਸ ਬੋਬੜੇ ਨੇ ਕਿਹਾ ਕਿ ਇਸ ਮਾਮਲੇ 'ਚ ਤੇਲੰਗਾਨਾ ਹਾਈ ਕੋਰਟ 'ਚ ਸੁਣਵਾਈ ਹੋ ਰਹੀ ਹੈ। ਹਾਈ ਕੋਰਟ 'ਚ ਸੁਣਵਾਈ ਹੋ ਜਾਣ ਦਿਉ। ਅਸੀਂ ਇਸ ਮਾਮਲੇ 'ਚ ਬੁੱਧਵਾਰ ਯਾਨੀ ਕਿ 11 ਦਸੰਬਰ ਨੂੰ ਸੁਣਵਾਈ ਕਰਾਂਗੇ।

ਵਕੀਲਾਂ ਨੇ ਮੰਗ ਕੀਤੀ ਹੈ ਕਿ ਪੁਲਸ ਟੀਮ ਦੇ ਮੁਖੀ ਸਮੇਤ ਐਨਕਾਊਂਟਰ ਵਿਚ ਸ਼ਾਮਲ ਸਾਰੇ ਪੁਲਸ ਕਰਮੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਪਟੀਸ਼ਨ 'ਚ ਇਹ ਵੀ ਮੰਗ ਕੀਤੀ ਗਈ ਹੈ ਕਿ ਇਹ ਜਾਂਚ ਸੀ. ਬੀ. ਆਈ, ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.), ਅਪਰਾਧ ਜਾਂਚ ਵਿਭਾਗ (ਸੀ. ਆਈ. ਡੀ.) ਜਾਂ ਕਿਸੇ ਹੋਰ ਨਿਰਪੱਖ ਜਾਂਚ ਏਜੰਸੀ ਤੋਂ ਕਰਵਾਈ ਜਾਵੇ, ਜੋ ਤੇਲੰਗਾਨਾ ਸ਼ਾਸਨ ਦੇ ਅਧੀਨ ਨਾ ਹੋਵੇ। ਪਟੀਸ਼ਨਕਰਤਾਵਾਂ ਨੇ ਇਸ ਬਾਰੇ 'ਚ ਵੀ ਜਾਂਚ ਦੀ ਮੰਗ ਕੀਤੀ ਹੈ ਕਿ ਐਨਕਾਊਂਟਰ ਸੰਬੰਧੀ ਸੁਪਰੀਮ ਕੋਰਟ ਦੇ 2014 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਨਹੀਂ।

Tanu

This news is Content Editor Tanu