ਕਸ਼ਮੀਰ ਮੈਰਾਥਨ ''ਚ ਦੌੜੇ ਸੈਂਕੜੇ ਨੌਜਵਾਨ

07/31/2017 4:50:55 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ 'ਚ ਆਯੋਜਿਤ 'ਰਨ ਫਾਰ ਪੀਸ' ਮੈਰਾਥਨ ਵਿਚ ਐਤਵਾਰ ਨੂੰ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ।
ਵਿਸ਼ਵ ਪ੍ਰਸਿੱਧ ਡੱਲ ਝੀਲ ਕਿਨਾਰੇ ਸੂਬਾਈ ਪੁਲਸ ਵਲੋਂ ਆਯੋਜਿਤ ਇਸ ਮੈਰਾਥਨ ਨੂੰ ਛੇ ਵਰਗਾਂ 'ਚ ਵੰਡਿਆ ਗਿਆ। ਪੁਰਸ਼ਾਂ ਦੀ ਫੁੱਲ ਮੈਰਾਥਨ ਨੂੰ ਪੁਲਸ ਗੋਲਫ ਕੋਰਸ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਤੇ ਹਾਫ ਮੈਰਾਥਨ ਨੂੰ ਪੁਲਸ ਗੋਲਫ ਕੋਰਸ ਤੋਂ ਡਕ ਪਾਰਕ ਤਕ ਆਯੋਜਿਤ ਕੀਤਾ ਗਿਆ। ਇਸ 'ਚ ਮਹਿਲਾ ਤੇ ਪੁਰਸ਼ ਦੋਵਾਂ ਨੇ ਹਿੱਸਾ ਲਿਆ। ਲੜਕਿਆਂ ਦੇ ਅੰਡਰ-14 ਵਰਗ ਵਿਚ 8 ਕਿਲੋਮੀਟਰ ਦੌੜ ਤੇ ਉਥੇ ਹੀ ਲੜਕੀਆਂ ਦੇ 14 ਵਰਗਾਂ ਵਿਚ ਛੇ ਕਿਲੋਮੀਟਰ ਦੌੜ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਚਾਰ ਕਿਲੋਮੀਟਰ ਦੌੜ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿਚ ਮਹਿਲਾਵਾਂ ਤੇ ਪੁਰਸ਼ਾਂ ਨੇ ਹਿੱਸਾ ਲਿਆ।
ਇਸ ਮੌਕੇ ਡੀ. ਜੀ. ਪੀ. ਐੱਸ. ਪੀ. ਵੈਦ ਨੇ ਕਿਹਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ 'ਰਨ ਫਾਰ ਫਨ' ਮੈਰਾਥਨ ਦਾ ਆਯੋਜਨ ਕਰਦੇ ਆ ਰਹੇ ਹਾਂ ਪਰ ਇਸ ਵਾਰ ਅਸੀਂ 'ਰਨ ਫਾਰ ਪੀਸ' ਮੈਰਾਥਨ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਨੌਜਵਾਨਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਰਾਥਨ ਵਿਚ ਸਾਰੇ ਵਰਗਾਂ ਦੇ ਲੋਕਾਂ ਨੇ ਕਾਫੀ ਵਧ-ਚੜ੍ਹ ਕੇ ਹਿੱਸਾ ਲਿਆ ਤੇ ਉਹ ਵੀ ਸੂਬੇ 'ਚ ਸ਼ਾਂਤੀ ਤੇ ਵਿਕਾਸ ਚਾਹੁੰਦੇ ਹਨ।