ਹਸਪਤਾਲ ਕਰਮੀਆਂ ਨੇ ਗਰਭਵਤੀ ਔਰਤ ਨੂੰ ਕੱਢਿਆ ਬਾਹਰ, ਗੇਟ ''ਤੇ ਜਨਮੇ ਬੱਚੇ ਦੀ ਮੌਤ

12/31/2023 3:38:11 PM

ਬਦਾਯੂੰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਯੂੰ ਦੇ ਜ਼ਿਲ੍ਹਾ ਮਹਿਲਾ ਹਸਪਤਾਲ 'ਚ ਪੈਸੇ ਨਾ ਦੇਣ 'ਤੇ ਇਕ ਗਰਭਵਤੀ ਔਰਤ ਨੂੰ ਧੱਕੇ ਮਾਰ ਕੇ ਬਾਹਰ ਕੱਢੇ ਜਾਣ ਅਤੇ ਹਸਪਤਾਲ ਦੇ ਗੇਟ 'ਤੇ ਹੀ ਬੱਚੇ ਨੂੰ ਜਨਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੜਾਕੇ ਦੀ ਠੰਡ ਅਤੇ ਇਲਾਜ ਦੀ ਘਾਟ ਕਾਰਨ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਬਦਾਯੂੰ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਮਨੋਜ ਕੁਮਾਰ ਨੇ ਐਤਵਾਰ ਨੂੰ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ। ਹਸਪਤਾਲ ਦੇ ਸਟਾਫ਼ ਵੱਲੋਂ ਔਰਤ ਦਾ ਇਲਾਜ ਨਾ ਕਰਕੇ ਉਸ ਨਾਲ ਬਦਸਲੂਕੀ ਕੀਤੀ ਗਈ। ਇਸ ਮਾਮਲੇ ਵਿਚ ਸਿਟੀ ਮੈਜਿਸਟਰੇਟ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸਿਟੀ ਮੈਜਿਸਟਰੇਟ ਤਿੰਨ ਦਿਨਾਂ ਵਿਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨਗੇ, ਜਿਸ ਤੋਂ ਬਾਅਦ ਦੋਸ਼ੀ ਡਾਕਟਰਾਂ ਅਤੇ ਮੈਡੀਕਲ ਸਟਾਫ਼ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਦੀ ਅਣਗਹਿਲੀ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਭਿਆਨਕ ਘਟਨਾ : ਘਰ ਅੰਦਰੋਂ 5 ਜੀਆਂ ਦੇ ਮਿਲੇ ਕੰਕਾਲ, 2019 ਦੇ ਬਾਅਦ ਤੋਂ ਨਹੀਂ ਦਿੱਸਿਆ ਸੀ ਪਰਿਵਾਰ

ਪਰਿਵਾਰਕ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਦਾਯੂੰ ਸ਼ਹਿਰ ਦੇ ਮੁਹੱਲਾ ਕਬੂਲ ਪੁਰਾ ਦਾ ਰਹਿਣ ਵਾਲਾ ਰਵੀ ਸ਼ਨੀਵਾਰ ਸ਼ਾਮ ਆਪਣੀ ਪਤਨੀ ਨੀਲਮ ਨੂੰ ਡਿਲਿਵਰੀ ਲਈ ਜ਼ਿਲ੍ਹਾ ਮਹਿਲਾ ਹਸਪਤਾਲ ਲੈ ਗਿਆ। ਰਵੀ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਮਹਿਲਾ ਹਸਪਤਾਲ ਵਿਚ ਡਾਕਟਰ ਉਪਲਬਧ ਨਹੀਂ ਸੀ ਅਤੇ ਸਟਾਫ਼ ਨੇ ਉਸ ਦੀ ਪਤਨੀ ਨੀਲਮ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ’ਤੇ ਉਸ ਨੇ ਆਪਣੇ ਪਰਿਵਾਰ ਨੂੰ ਫੋਨ ਕੀਤਾ। ਹੰਗਾਮਾ ਕਰਨ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਜਾਂਚ ਦੇ ਨਾਂ 'ਤੇ 5000 ਰੁਪਏ ਦੀ ਮੰਗ ਕੀਤੀ। ਰਵੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਜ਼ਿਲ੍ਹਾ ਮਹਿਲਾ ਹਸਪਤਾਲ ਦੇ ਮੁਲਾਜ਼ਮਾਂ ਨੇ ਗਰਭਵਤੀ ਨੀਲਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਰਵੀ ਨੇ ਦੱਸਿਆ ਕਿ ਉਹ ਨੀਲਮ ਨੂੰ ਹਸਪਤਾਲ ਦੇ ਗੇਟ 'ਤੇ ਲੈ ਗਏ, ਜਿੱਥੇ ਬਹੁਤ ਜ਼ਿਆਦਾ ਦਰਦ ਹੋਣ ਤੋਂ ਬਾਅਦ ਨੀਲਮ ਨੇ ਹਸਪਤਾਲ ਦੇ ਗੇਟ 'ਤੇ ਹੀ ਬੱਚੇ ਨੂੰ ਜਨਮ ਦਿੱਤਾ। ਰਵੀ ਨੇ ਦੱਸਿਆ ਕਿ ਜ਼ਿਆਦਾ ਠੰਡ ਅਤੇ ਇਲਾਜ ਦੀ ਘਾਟ ਕਾਰਨ ਹਸਪਤਾਲ ਦੇ ਗੇਟ ’ਤੇ ਹੀ ਬੱਚੇ ਦੀ ਮੌਤ ਹੋ ਗਈ। ਮਾਮਲਾ ਜ਼ਿਲ੍ਹਾ ਮੈਜਿਸਟਰੇਟ ਦੇ ਧਿਆਨ ਵਿਚ ਪੁੱਜਾ ਤਾਂ ਉਨ੍ਹਾਂ ਤੁਰੰਤ ਹਸਪਤਾਲ ਦੇ ਸਟਾਫ਼ ਨੂੰ ਫਟਕਾਰ ਲਗਾਈ ਅਤੇ ਔਰਤ ਨੂੰ ਸਰਕਾਰੀ ਮੈਡੀਕਲ ਕਾਲਜ ਵਿਚ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha