ਹਸਪਤਾਲ ਦੀ ਲਾਪਰਵਾਹੀ ਕਾਰਨ ਗਈ ਮਾਸੂਮ ਦੀ ਜਾਨ, ਪਿਤਾ ਨੂੰ ਫੜਾਇਆ 18 ਲੱਖ ਦਾ ਬਿੱਲ

11/21/2017 2:14:58 PM

ਗੁੜਗਾਓਂ— ਇੱਥੋਂ ਦੇ ਫੋਰਟਿਸ ਹਸਪਤਾਲ 'ਚ 7 ਸਾਲ ਦੀ ਬੱਚੀ ਅਦਯਾ ਦੀ ਇਲਾਜ ਦੌਰਾਨ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਬੱਚੀ ਦੇ ਪਰਿਵਾਰ ਵਾਲਿਆਂ ਨੂੰ 18 ਲੱਖ ਦਾ ਬਿੱਲ ਫੜਾ ਦਿੱਤਾ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ 18 ਲੱਖ ਰੁਪਏ ਦਾ ਬਿੱਲ 2 ਹਫਤਿਆਂ ਦੇ ਇਲਾਜ ਦਾ ਹੈ। ਹਸਪਤਾਲ ਦੇ ਬਿੱਲ 'ਚ ਡਾਕਟਰਾਂ ਵੱਲੋਂ ਪ੍ਰਯੋਗ ਕੀਤੇ ਗਏ 2700 ਦਸਤਾਨੇ ਅਤੇ 660 ਟੀਕੇ ਵੀ ਸ਼ਾਮਲ ਸਨ। ਹਸਪਤਾਲ ਪ੍ਰਸ਼ਾਸਨ ਨੇ ਪਰਿਵਾਰ ਵਾਲਿਆਂ ਨੂੰ ਲੰਬਾ ਚੌੜਾ ਬਿੱਲ ਦਿੰਦੇ ਹੋਏ ਕਹਿ ਦਿੱਤਾ ਕਿ ਅਸੀਂ ਤੁਹਾਡੀ ਬੱਚੀ ਨੂੰ ਨਹੀਂ ਬਚਾ ਸਕੇ।

ਇਸ ਘਟਨਾ ਤੋਂ ਬਾਅਦ ਹਰ ਕੋਈ ਹੈਰਾਨ ਹੈ। ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਹੁਣ ਗੁੜਗਾਓਂ ਫੋਰਟਿਸ ਹਸਪਤਾਲ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗੀ ਹੈ। ਅਦਯਾ ਦੇ ਪਿਤਾ ਜਯੰਤ ਸਿੰਘ ਨੇ ਹਸਪਤਾਲ ਪ੍ਰਸ਼ਾਸਨ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਉਨ੍ਹਾਂ ਦੀ ਬੇਟੀ ਆਈ.ਸੀ.ਯੂ. 'ਚ ਭਰਤੀ ਸੀ, ਉਦੋਂ ਉਹ ਬਾਹਰ ਖੜ੍ਹੇ ਹੋ ਕੇ ਰਾਤ-ਦਿਨ ਖਿੜਕੀ ਤੋਂ ਦੇਖਦੇ ਰਹੇ। ਸਿੰਘ ਨੇ ਕਿਹਾ ਕਿ ਡਾਕਟਰਾਂ ਦਾ ਗਾਇਬ ਰਹਿਣਾ ਸਭ ਤੋਂ ਵਧ ਹੈਰਾਨ ਕਰਨ ਵਾਲਾ ਸੀ। ਡਾਕਟਰ ਸ਼ਨੀਵਾਰ ਅਤੇ ਐਤਵਾਰ ਨੂੰ ਹਸਪਤਾਲ 'ਚ ਨਹੀਂ ਹੁੰਦੇ ਸਨ।


ਜ਼ਿਕਰਯੋਗ ਹੈ ਕਿ ਸਿੰਘ ਨੇ ਪਹਿਲਾਂ ਆਪਣੀ ਬੇਟੀ ਨੂੰ ਰਾਕਲੈਂਡ ਹਸਪਤਾਲ 'ਚ ਭਰਤੀ ਕਰਵਾਇਆ ਸੀ, ਬਾਅਦ 'ਚ ਡਾਕਟਰਾਂ ਨੇ ਅਦਯਾ ਨੂੰ ਦੂਜੀ ਜਗ੍ਹਾ ਸ਼ਿਫਟ ਕਰਨ ਲਈ ਕਿਹਾ। ਉਸ ਤੋਂ ਬਾਅਦ ਸਿੰਘ ਨੇ ਅਦਯਾ ਨੂੰ ਗੁੜਗਾਓਂ ਫੋਰਟਿਸ 'ਚ ਭਰਤੀ ਕਰਵਾਇਆ। ਜਦੋਂ ਅਦਯਾ ਵੈਂਟੀਲੇਟਰ 'ਤੇ ਆਪਣੀ ਜ਼ਿੰਦਗੀ ਲਈ ਲੜ ਰਹੀ ਸੀ, ਉਦੋਂ ਹਸਪਤਾਲ ਦਾ ਬਿੱਲ ਡਿਪਾਰਟਮੈਂਟ ਲਗਾਤਾ ਪੈਸੇ ਡਿਪੋਜਿਟ ਕਰਵਾਉਣ ਨੂੰ ਲੈ ਕੇ ਕਹਿੰਦਾ ਰਿਹਾ। ਜਯੰਤ ਸਿੰਘ ਨੇ ਕਿਹਾ,''ਤਿੰਨ ਲੱਖ ਰੁਪਏ ਬੀਮੇ ਤੋਂ ਕਵਰ ਹੋ ਗਏ ਪਰ ਹਸਪਤਾਲ ਨੇ ਡਿਪੋਜਿਟ ਮੰਗੇ, ਉਦੋਂ ਮੈਂ ਦਿੱਤੇ।'' ਜਯੰਤ ਨੇ ਦੱਸਿਆ ਕਿ ਬੇਟੀ ਦੀ ਚਮੜੀ ਨੀਲੀ ਪੈ ਚੁਕੀ ਸੀ ਅਤੇ ਉਹ ਸਿਕੁੜ ਚੁਕੀ ਸੀ ਪਰ ਡਾਕਟਰ ਕਹਿ ਰਹੇ ਸਨ ਅਜਿਹਾ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਮੇਰੀ ਬੇਟੀ ਉਦੋਂ ਮਰ ਚੁਕੀ ਸੀ, ਜਦੋਂ ਉਹ ਫੋਰਟਿਸ ਦੇ ਆਈ.ਸੀ.ਯੂ. 'ਚ ਸੀ। ਜਯੰਤ ਹੁਣ ਫੋਰਟਿਸ 'ਤੇ ਇਸ ਲਈ ਮੁਕੱਦਮਾ ਦਾਇਰ ਕਰਨ ਦੀ ਸੋਚ ਰਹੇ ਹਨ। ਬੀਮਾਰੀ ਦੇ ਸਮੇਂ ਜਯੰਤ ਦੀ ਪਤਨੀ ਗਰਭਵਤੀ ਸੀ ਪਰ ਸਦਮੇ 'ਚ ਉਸ ਦਾ ਗਰਭਪਾਤ ਹੋ ਗਿਆ। ਜਯੰਤ ਨੇ ਅੱਗੇ ਕਿਹਾ ਕਿ ਗੱਲ ਸਿਰਫ ਪੈਸਿਆਂ ਦੀ ਨਹੀਂ ਹੈ ਸਗੋਂ ਹਸਪਤਾਲ ਸਟਾਫ ਦੀ ਲਾਪਰਵਾਹੀ ਅਤੇ ਪੂਰੀ ਤਰ੍ਹਾਂ ਨਾਲ ਅਸੰਵੇਦਨਸ਼ੀਲ ਦ੍ਰਿਸ਼ਟੀਕੋਣ ਨੂੰ ਲੈ ਕੇ ਹੈ।
ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਹਸਪਤਾਲ ਨੇ ਬੱਚੀ ਦੇ ਇਲਾਜ 'ਚ ਕਾਫੀ ਲਾਪਰਵਾਹੀ ਵਰਤੀ। ਬੱਚੀ ਦੀ ਮੌਤ ਤੋਂ ਬਾਅਦ ਵੀ ਹਸਪਤਾਲ ਬਿੱਲ ਦੇ ਭੁਗਵਾਨ ਦੇ ਬਿਨਾਂ ਲਾਸ਼ ਦੇਣ ਲਈ ਤਿਆਰ ਨਹੀਂ ਸੀ। ਹਸਪਤਾਲ ਨੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ 18 ਲੱਖ ਰੁਪਏ ਦਾ ਭੁਗਤਾਨ ਕਰਨ ਤੋਂ ਬਾਅਦ ਉਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਦਿੱਤੀ।