ਆਸਟ੍ਰੇਲੀਆ 'ਚੋਂ ਸਜ਼ਾ ਦੇ ਡਰ ਤੋਂ ਭੱਜ ਕੇ ਆਏ ਭਾਰਤੀ ਮੁੰਡੇ ਨੇ ਖਾਧਾ ਜ਼ਹਿਰ

02/17/2018 2:55:07 PM

ਨਵੀਂ ਦਿੱਲੀ/ਮੈਲਬੌਰਨ— ਆਸਟ੍ਰੇਲੀਆ 'ਚ ਸਜ਼ਾ ਸੁਣਾਏ ਜਾਣ ਤੋਂ ਬਚਣ ਲਈ ਭਾਰਤ ਦੌੜ ਕੇ ਆਏ ਪੁਨੀਤ ਨਾਂ ਦੇ ਭਾਰਤੀ ਮੁੰਡੇ ਨੇ ਬੀਤੀ ਰਾਤ ਜ਼ਹਿਰ ਖਾ ਲਿਆ ਅਤੇ ਉਸ ਨੂੰ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਨੀਤ ਨੇ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਅਕਤੂਬਰ 2008 'ਚ ਆਪਣੀ ਕਾਰ ਨਾਲ ਪੈਦਲ ਜਾ ਰਹੇ ਲੜਕੇ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਲੜਕੇ ਦਾ ਨਾਂ ਡੀਨ ਹਾਫਸਟੀ ਸੀ, ਜੋ ਕਿ ਕੁਈਨਜ਼ਲੈਂਡ 'ਚ ਵਿਦਿਆਰਥੀ ਸੀ। ਪੁਨੀਤ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਕਾਰ ਚਲਾ ਰਿਹਾ ਸੀ ਅਤੇ ਉਸ ਸਮੇਂ ਉਹ ਨਸ਼ੇ 'ਚ ਸੀ ਅਤੇ ਕਾਰ ਤੋਂ ਆਪਣਾ ਕੰਟਰੋਲ ਗੁਆ ਬੈਠਾ। ਇਸ ਘਟਨਾ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ 'ਚ ਗ੍ਰਿਫਤਾਰ ਕੀਤਾ ਗਿਆ ਅਤੇ ਆਸਟ੍ਰੇਲੀਆਈ ਅਦਾਲਤ ਨੇ ਇਸ ਨੂੰ ਦੋਸ਼ੀ ਕਰਾਰ ਦਿੱਤਾ ਸੀ।


ਪੁਨੀਤ ਆਪਣੇ ਦੋਸਤ ਦੇ ਪਾਸਪੋਰਟ ਜ਼ਰੀਏ 2009 'ਚ ਭਾਰਤ ਦੌੜ ਆਇਆ, ਉਸ ਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ। ਪੁਨੀਤ ਦੀ ਉਮਰ ਉਸ ਸਮੇਂ 19 ਸਾਲ ਸੀ। ਭਾਰਤ ਆਉਣ 'ਤੇ 4 ਸਾਲਾਂ ਬਾਅਦ ਪੰਜਾਬ ਪੁਲਸ ਨੇ ਪੁਨੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 


ਨਵੀਂ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ 'ਚ ਸ਼ੁੱਕਰਵਾਰ ਨੂੰ ਪੁਨੀਤ ਦੇ ਵਕੀਲ ਕਨ੍ਹਈਆ ਕੁਮਾਰ ਸਿੰਘਲ ਨੇ ਦੱਸਿਆ ਕਿ ਪੁਨੀਤ ਦਿਮਾਗੀ ਬੀਮਾਰੀ ਤੋਂ ਪੀੜਤ ਹੈ। ਵਕੀਲ ਨੇ ਅੱਗੇ ਕਿਹਾ ਕਿ ਉਸ ਦੀ ਹਾਲਤ ਗੰਭੀਰ ਪਰ ਸਥਿਰ ਬਣੀ ਹੋਈ ਹੈ। ਵਕੀਲ ਸਿੰਘਲ ਨੇ ਕਿਹਾ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਮੁਕੱਦਮੇ ਦਾ ਸਾਹਮਣਾ ਕਰਨ ਲਈ ਅਜੇ ਉਹ ਫਿੱਟ ਨਹੀਂ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 26 ਫਰਵਰੀ ਨੂੰ ਪਟਿਆਲਾ ਹਾਊਸ ਕੋਰਟ 'ਚ ਹੋਵੇਗੀ।