''ਹਿਮਾਚਲ ''ਚ ਹਾਲਤ ਚਿੰਤਾਜਨਕ, ''ਕੋਰੋਨਾ'' ਕਮਿਊਨਿਟੀ ਫੈਲਾਅ ਦੇ ਪੜਾਅ ''ਚ ਪੁੱਜਾ''

09/09/2020 3:36:08 PM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿਚ ਕੋਰੋਨਾ ਵਾਇਰਸ ਦਾ ਕਮਿਊਨਿਟੀ ਫੈਲਾਅ ਹੋਇਆ ਹੈ। ਇਸ ਬਾਬਤ ਸ਼ਿਮਲਾ ਦੀ ਮੁੱਖ ਮੈਡੀਕਲ ਅਧਿਕਾਰੀ ਸੁਰੇਖਾ ਚੌਪੜਾ ਨੇ ਇਕ ਬਿਆਨ ਵਿਚ ਦੱਸਿਆ ਕਿ ਵਾਇਰਸ ਦਾ ਕਮਿਊਨਿਟੀ ਫੈਲਾਅ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਕੇਸ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਮਰੀਜ਼ਾਂ ਦੇ ਨਾ ਹੀ ਸੰਪਰਕਾਂ ਦਾ ਪਤਾ ਲੱਗਾ ਹੈ ਅਤੇ ਨਾ ਹੀ ਉਨ੍ਹਾਂ ਨੇ ਕੋਈ ਯਾਤਰਾ ਕੀਤੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਮਿਊਨਿਟੀ ਪੱਧਰ 'ਤੇ ਵਾਇਰਸ ਫੈਲਿਆ ਹੈ। ਸਿਹਤ ਮਹਿਕਮੇ ਦੇ ਅੰਕੜਿਆਂ ਮੁਤਾਬਕ ਹਿਮਾਚਲ ਪ੍ਰਦੇਸ਼ ਵਿਚ ਮੰਗਲਵਾਰ ਤੱਕ ਕੋਰੋਨਾ ਵਾਇਰਸ ਦੇ 7,832 ਕੇਸ ਹਨ।

ਪ੍ਰਦੇਸ਼ ਦੀ ਆਬਾਦੀ ਕਰੀਬ 70 ਲੱਖ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਆਸ਼ਾ ਵਰਕਰਾਂ ਨਾਲ ਮਹੀਨਾਵਾਰ ਬੈਠਕ 7 ਸਤੰਬਰ ਨੂੰ ਸ਼ਿਮਲਾ ਵਿਚ ਖੁੱਲ੍ਹੇ ਆਸਮਾਨ ਹੇਠ ਕੀਤੀ ਗਈ ਸੀ, ਕਿਉਂਕਿ ਖੁੱਲ੍ਹੀ ਹਵਾ ਅਤੇ ਧੁੱਪ  ਵਾਇਰਸ ਦੇ ਫੈਲਾਅ ਨੂੰ ਘੱਟ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਨੇ ਸਿਹਤ ਮਹਿਕਮੇ ਦੀ ਨਿਯਮਿਤ ਬੈਠਕਾਂ ਖੁੱਲ੍ਹੇ 'ਚ ਆਯੋਜਿਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ 7 ਸਤੰਬਰ ਦੀ ਬੈਠਕ ਇਸ ਮੁਹਿੰਮ ਦਾ ਮੁੱਖ ਹਿੱਸਾ ਸੀ। ਸੁਰੇਖਾ ਨੇ ਕਿਹਾ ਕਿ ਜਿੱਥੇ ਵੀ ਮੁਮਕਿਨ ਹੋਵੇ, ਬੈਠਕਾਂ ਅਤੇ ਪ੍ਰੋਗਰਾਮ ਖੁੱਲ੍ਹੇ 'ਚ ਕੀਤੇ ਜਾਣ ਚਾਹੀਦੇ ਹਨ। ਪ੍ਰਦੇਸ਼ ਵਿਚ ਵਾਇਰਸ ਕਾਰਨ ਹੁਣ ਤੱਕ 59 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵਿਸ਼ੇਸ਼ ਸਕੱਤਰ (ਸਿਹਤ) ਨਿਪੁੰਨ ਜਿੰਦਲ ਨੇ ਦੱਸਿਆ ਕਿ ਸੂਬੇ ਵਿਚ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 2,316 ਹੋ ਗਈ ਹੈ।

Tanu

This news is Content Editor Tanu