ਹਿਮਾਚਲ ਪ੍ਰਦੇਸ਼ ''ਚ ਡੂੰਘੀ ਖੱਡ ''ਚ ਕਾਰ ਡਿੱਗਣ ਨਾਲ 4 ਨੌਜਵਾਨਾਂ ਦੀ ਮੌਤ

09/05/2020 3:03:10 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਕਿੰਨੌਰ ਜ਼ਿਲ੍ਹੇ ਦੀ ਸਾਂਗਲਾ ਘਾਟੀ 'ਚ ਸ਼ੁੱਕਰਵਾਰ ਦੇਰ ਰਾਤ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ 4 ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਦਰਦਨਾਕ ਹਾਦਸਾ ਖਰੋਗਲਾ ਨੇੜੇ ਹੋਇਆ। ਹਾਦਸੇ ਦੇ ਸਮੇਂ ਕਾਰ 'ਚ ਚਾਲਕ ਸਮੇਤ 7 ਲੋਕ ਸਵਾਰ ਸਨ। ਇਨ੍ਹਾਂ 'ਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਨੂੰ ਹਸਪਤਾਲ ਪਹੁੰਚਿਆ ਗਿਆ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਹਾਦਸੇ 'ਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਦਾ ਸਾਂਗਲਾ ਸੀ.ਐੱਚ.ਸੀ. 'ਚ ਮੁੱਢਲੇ ਇਲਾਜ ਤੋਂ ਬਾਅਦ ਰਾਮਪੁਰ ਦੇ ਖਨੇਰੀ ਹਸਪਤਾਲ ਰੈਫਰ ਕੀਤਾ ਗਿਆ ਹੈ। ਫਿਲਹਾਲਾਂ ਤਿੰਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੁਲਸ ਨੇ ਮ੍ਰਿਤਕਾਂ ਦੀ ਪਛਾਣ ਅੰਸ਼ੁਮਨ (20), ਓਮਕ੍ਰਿਸ਼ਨ (19), ਸਿਕੰਦਰ (20), ਆਦੇਸ਼ (20) ਦੇ ਰੂਪ 'ਚ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 10-10 ਹਜ਼ਾਰ ਰੁਪਏ ਅਤੇ ਜ਼ਖਮੀਆਂ ਦੇ ਇਲਾਜ ਲਈ 5-5 ਹਜ਼ਾਰ ਰੁਪਏ ਤੁਰੰਤ ਰਾਹਤ ਪ੍ਰਦਾਨ ਕੀਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਸੁਪਰਡੈਂਟ ਕਿੰਨੌਰ ਐੱਸ.ਆਰ. ਰਾਣਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਹੈ। ਉਸ ਤੋਂ ਬਾਅਦ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਫਿਲਹਾਲ ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

DIsha

This news is Content Editor DIsha