ਹਿਮਾਚਲ ''ਚ ਪਾਰਾ ''ਜ਼ੀਰੋ'' ਤੋਂ ਹੇਠਾਂ, ਜੰਮਿਆ ਝੀਲਾਂ ਦਾ ਪਾਣੀ

10/08/2018 9:27:34 AM

ਮਨਾਲੀ : ਹਿਮਾਚਲ 'ਚ ਪਿਛਲੇ ਮਹੀਨੇ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕਈ ਪਹਾੜੀ ਇਲਾਕਿਆਂ 'ਚ ਪਾਰਾ ਸਿਫਰ ਤੋਂ ਵੀ ਹੇਠਾਂ ਚਲਾ ਗਿਆ ਹੈ। ਤਾਪਮਾਨ ਡਿਗਣ ਕਾਰਨ ਲਾਹੌਲ ਸਪਿਤੀ, ਕੁੱਲੂ, ਕਿੰਨੌਰ ਅਤੇ ਚੰਬਾ ਜ਼ਿਲਿਆਂ 'ਚ 12 ਤੋਂ 17 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਜ਼ਿਆਦਾਤਰ ਝੀਲਾਂ ਜੰਮ ਗਈਆਂ ਹਨ। ਸਮੇਂ ਤੋਂ ਪਹਿਲਾਂ ਸਰਦੀ ਦੀ ਦਸਤਕ ਨਾਲ ਕਬਾਇਲੀ ਜ਼ਿਲੇ ਦੇ ਲੋਕਾਂ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। 

ਲਾਹੌਲ ਘਾਟੀ ਦੀ ਢੰਖਰ ਝੀਲ, ਦੇਸ਼ ਅਤੇ ਦੁਨੀਆ ਦੇ ਟ੍ਰੈਕਰਾਂ ਦੀ ਪਹਿਲੀ ਪਸੰਦ ਚੰਦਰਤਾਲ ਅਤੇ ਪੱਟਣ ਘਾਟੀ ਦੀ ਨੀਲਕੰਠ ਝੀਲ ਵੀ ਤਾਪਮਾਨ ਘਟਣ ਕਾਰਨ ਜੰਮ ਗਈ ਹੈ।  ਮਨਾਲੀ-ਰੋਹਤਾਂਗ ਦੇ ਨੇੜੇ ਦਸ਼ੋਹਰ ਤੇ ਭ੍ਰਿਗੂ ਝੀਲ 'ਚ ਵੀ ਬਰਫ ਦੀ ਸਫੈਦ ਚਾਦਰ ਵਿਛੀ ਨਜ਼ਰ ਆ ਰਹੀ ਹੈ। 23 ਸਤੰਬਰ ਨੂੰ ਹੋਈ ਭਾਰੀ ਬਰਫਬਾਰੀ ਕਾਰਨ ਲਾਹੌਲ ਘਾਟੀ 'ਚ ਇਨ੍ਹੀਂ ਦਿਨੀਂ ਰਾਤ ਦਾ ਤਾਪਮਾਨ ਸਿਫਰ ਤੋਂ ਹੇਠਾਂ ਚੱਲ ਰਿਹਾ ਹੈ। ਇਸ ਨਾਲ ਕਿਸਾਨ-ਬਾਗਵਾਨਾਂ ਦੀਆਂ ਦਿੱਕਤਾਂ ਵਧ ਗਈਆਂ ਹਨ ਅਤੇ ਸੈਰ-ਸਪਾਟਾ ਕਾਰੋਬਾਰ ਵੀ ਸਿਮਟ ਗਿਆ ਹੈ।