ਕੋਰੋਨਾ ਪੀੜਤ ਦੀ ਲਾਸ਼ ਲਿਜਾ ਰਹੀ ਐਂਬੂਲੈਂਸ ਦਾ ਰਸਤਾ ਰੋਕਿਆ, ਕਾਂਗਰਸ ਨੇਤਾ ''ਤੇ ਮਾਮਲਾ ਦਰਜ

05/27/2020 6:16:00 PM

ਸ਼ਿਮਲਾ-ਹਿਮਾਚਲ ਪ੍ਰਦੇਸ਼ ਪੁਲਸ ਨੇ ਕਾਂਗਰਸ ਦੀ ਇਕ ਮਹਿਲਾ ਨੇਤਾ, 3 ਕੌਂਸਲਰਾਂ ਅਤੇ 16 ਹੋਰ ਲੋਕਾਂ 'ਤੇ ਕੋਰੋਨਾ ਪੀੜਤ ਮਰੀਜ਼ ਦੇ ਅੰਤਿਮ ਸੰਸਕਾਰ 'ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਮੁਕਦੱਮਾ ਦਰਜ ਕੀਤਾ ਗਿਆ ਹੈ। ਇਨ੍ਹਾਂ 'ਤੇ ਮਹਾਮਾਰੀ ਰੋਗ ਐਕਟ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਨੇਤਾ ਦੀ ਪਛਾਣ ਮੰਡੀ ਜ਼ਿਲਾ ਮਹਿਲਾ ਕਾਂਗਰਸ ਮੁਖੀ ਸੁਮਨ ਚੌਧਰੀ ਦੇ ਰੂਪ 'ਚ ਹੋਈ ਹੈ। 

ਪੁਲਸ ਅਧਿਕਾਰੀਆਂ ਮੁਤਾਬਕ ਸੁਮਨ ਚੌਧਰੀ ਅਤੇ ਹੋਰਾਂ ਨੇ ਜਦੋਂ ਸੜਕ 'ਤੇ ਆ ਕੇ ਐਂਬੂਲੈਂਸ ਦਾ ਰਸਤਾ ਰੋਕ ਦਿੱਤਾ। ਉਸ ਸਮੇਂ ਕੋਰੋਨਾ ਪੀੜਤ ਮਰੀਜ਼ ਦੀ ਲਾਸ਼ ਐਬੂਲੈਂਸ ਰਾਹੀਂ ਲਿਜਾਈ ਜਾ ਰਹੀ ਸੀ। ਰਸਤੇ ਬੰਦ ਕਰਨ ਵਾਲੇ ਜ਼ਿਆਦਾਤਰ ਲੋਕ ਕੰਸਾ ਅਤੇ ਤੰਵਾ ਪਿੰਡਾਂ ਦੇ ਰਹਿਣ ਵਾਲੇ ਸੀ। ਸੁਮਨ ਚੌਧਰੀ ਦੇ ਦੋਹਰੇ ਮਾਪਦੰਡਾਂ ਨੂੰ ਲੈ ਕੇ ਜਿੱਥੇ ਸਵਾਲ ਉੱਠ ਰਹੇ ਹਨ, ਉੱਥੇ ਹੀ ਸੂਬਾ ਕਾਂਗਰਸ ਦੇ ਲਈ ਸਮੱਸਿਆ ਵੱਧ ਸਕਦੀ ਹੈ। 

ਦੱਸਣਯੋਗ ਹੈ ਕਿ ਮੰਡੀ ਦੇ ਸ਼੍ਰੀ ਲਾਲ ਬਹਾਦੁਰ ਸ਼ਾਸ਼ਤਰੀ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਨੇਰਚੌਂਕ 'ਚ ਸੋਮਵਾਰ ਨੂੰ 63 ਸਾਲਾਂ ਜਨਾਨੀ ਦੀ ਕੋਰੋਨਾ ਨਾਲ ਮੌਤ ਹੋਈ ਸੀ, ਜਿਸ ਦੀ ਲਾਸ਼ ਮੰਗਲਵਾਰ ਨੂੰ ਘਰ ਲਿਜਾ ਰਹੇ ਸੀ ਤਾਂ ਰਸਤੇ 'ਚ ਕਾਂਗਰਸ ਨੇਤਾ ਅਤੇ ਉਸ ਦੇ ਸਮਰਥਕਾਂ ਨੇ ਹੰਗਾਮਾ ਕੀਤਾ। 

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਨਹੀ, ਜਦੋਂ ਹਿਮਾਚਲ ਪ੍ਰਦੇਸ਼ 'ਚ ਕਿਸੇ ਕੋਰੋਨਾ ਪੀੜਤ ਮਰੀਜ਼ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਲੋਕਾਂ ਨੇ ਹੰਗਾਮਾ ਕੀਤਾ ਹੋਵੇ। ਇਸ ਤੋਂ ਪਹਿਲਾ ਹਮੀਰਪੁਰ 'ਚ ਉਸ ਮਾਮਲੇ ਦੀ ਜਾਂਚ ਜਾਰੀ ਹੈ, ਜਦੋਂ ਇਕ ਨੌਜਵਾਨ ਦੀ ਬਿਲਾਸਪੁਰ 'ਚ ਸੰਸਥਾਗਤ ਕੁਆਰੰਟੀਨ 'ਚ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਸੀ ਤਾਂ ਸੂਬੇ ਦੇ ਸਿਹਤ ਅਧਿਕਾਰੀਆਂ 'ਤੇ ਦੋਸ਼ ਸੀ ਕਿ ਕੋਰੋਨਾ ਵਾਇਰਸ ਮਰੀਜ਼ਾਂ ਨਾਲ ਠੀਕ ਤਰ੍ਹਾਂ ਨਾਲ ਵਰਤਾਓ ਨਹੀਂ ਕੀਤਾ ਜਾ ਰਿਹਾ ਹੈ। ਇਸ 'ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕੁੱਝ ਅਧਿਕਾਰੀਆਂ ਦੇ ਵਰਤਾਓ ਦੀ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਬਿਲਾਸਪੁਰ 'ਚ ਕੁਝ ਅਧਿਕਾਰੀਆਂ ਦੇ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ।

Iqbalkaur

This news is Content Editor Iqbalkaur