ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਅੱਜ ਪੈ ਸਕਦੈ ਭਾਰੀ ਮੀਂਹ

02/21/2019 7:54:17 AM

ਨਵੀਂ ਦਿੱਲੀ— ਪਾਕਿਸਤਾਨ 'ਚ ਬਣੀ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਨਾਲ ਲੱਗਦੇ ਇਲਾਕਿਆਂ 'ਚ ਵੀਰਵਾਰ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ ਬੁੱਧਵਾਰ ਦੱਸਿਆ ਕਿ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਰਫਬਾਰੀ ਹੋ ਸਕਦੀ ਹੈ ਅਤੇ ਭਾਰੀ ਮੀਂਹ ਪੈ ਸਕਦਾ ਹੈ।

ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਨਾਲ ਲੱਗਦੇ ਇਲਾਕਿਆਂ 'ਚ ਗੜੇ ਵੀ ਪੈ ਸਕਦੇ ਹਨ।ਕਈ ਥਾਈਂ ਅਸਮਾਨੀ ਬਿਜਲੀ ਡਿੱਗ ਸਕਦੀ ਹੈ।ਨਾਲ ਹੀ ਬਹੁਤ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।ਦਿੱਲੀ 'ਚ ਵੀ ਵੀਰਵਾਰ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ।ਪਿਛਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਬਰਫਬਾਰੀ ਹੋਣ ਕਾਰਨ ਘੱਟੋ-ਘੱਟ ਤਾਪਮਾਨ ਹੋਰ ਵੀ ਘੱਟ ਗਿਆ ਹੈ।ਕੁਫਰੀ ਵਿਖੇ 1.6 ਅਤੇ ਮਨਾਲੀ ਵਿਖੇ 0.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ 3.8 ਅਤੇ ਡਲਹੌਜ਼ੀ ਵਿਖੇ 0.8 ਸੀ।
ਮੌਮਸ ਸੰਬੰਧੀ ਭਵਿੱਖਬਾਣੀ ਕਰਨ ਵਾਲੀ ਪ੍ਰਾਈਵੇਟ ਏਜੰਸੀ ਸਕਾਈਮੇਟ ਮੁਤਾਬਕ, ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ, ਹੁਸ਼ਿਆਰਪੁਰ, ਚੰਡੀਗੜ੍ਹ, ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਕਰਨਾਲ ਵਰਗੇ ਇਲਾਕਿਆਂ 'ਚ ਗੜਿਆਂ ਦੇ ਨਾਲ ਭਾਰੀ ਮੀਂਹ ਵੀ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ 'ਤੇ ਗਰਜ ਦੇ ਨਾਲ ਛਰਾਏ ਪਏ ਸਨ। ਇਹ ਮੀਂਹ ਜ਼ਿਆਦਾਤਰ ਹਲਕੀ ਤੋਂ ਦਰਮਿਆਨੀ ਤੀਬਰਤਾ ਦਾ ਸੀ।