ਹਿਮਾਚਲ ''ਚ ਆਉਣ ਵਾਲੇ 24 ਘੰਟੇ ਭਾਰੀ, 9 ਜ਼ਿਲ੍ਹਿਆਂ ''ਚ ਹੜ੍ਹ ਦਾ ਰੈੱਡ ਅਲਰਟ

08/24/2023 4:29:21 PM

ਸ਼ਿਮਲਾ- ਹਿਮਾਚਲ 'ਚ ਮੀਂਹ ਨੇ ਬਹੁਤ ਕਹਿਰ ਵਰ੍ਹਾਇਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ 6 ਜ਼ਿਲ੍ਹਿਆਂ 'ਚ ਮੋਹਲੇਧਾਰ ਮੀਂਹ ਅਤੇ 9 ਜ਼ਿਲ੍ਹਿਆਂ 'ਚ ਹੜ੍ਹ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਬੀਤੇ 24 ਘੰਟਿਆਂ ਦੌਰਾਨ ਸਭ ਤੋਂ ਵੱਧ ਮੀਂਹ ਬਿਲਾਸਪੁਰ ਦੇ ਭਰਾੜੀ ਵਿਖੇ ਦਰਜ ਕੀਤਾ ਗਿਆ, ਜਿੱਥੇ 213 ਮਿਲੀਮੀਟਰ ਮੀਂਹ ਪਿਆ। ਜਦਕਿ ਸ਼ਿਮਲਾ ਜ਼ਿਲ੍ਹੇ 'ਚ 132 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ । ਸ਼ਿਮਲਾ 'ਚ ਸਵੇਰੇ ਇਕ ਘੰਟੇ ਦੇ ਅੰਦਰ ਹੀ 62 ਮਿਲੀਮੀਟਰ ਮੀਂਹ ਪਿਆ। ਮੌਸਮ ਵਿਭਾਗ ਨੇ ਸ਼ਿਮਲਾ, ਸਿਰਮੌਰ, ਕਾਂਗੜਾ, ਚੰਬਾ, ਮੰਡੀ, ਹਮੀਰਪੁਰ, ਬਿਲਾਸਪੁਰ ਅਤੇ ਕੁੱਲੂ ਜ਼ਿਲ੍ਹਿਆਂ 'ਚ ਹੜ੍ਹ ਦਾ ਰੈੱਡ ਅਲਰਟ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। 

ਇਹ ਵੀ ਪੜ੍ਹੋ-  ਸੋਨੀਆ ਗਾਂਧੀ ਨੇ ਇਸਰੋ ਮੁਖੀ ਨੂੰ ਲਿਖੀ ਚਿੱਠੀ, 'ਚੰਦਰਯਾਨ-3 ਦੀ ਸ਼ਾਨਦਾਰ ਉਪਲੱਬਧੀ 'ਤੇ ਹਰ ਭਾਰਤੀ ਨੂੰ ਮਾਣ'

24 ਘੰਟਿਆਂ 'ਚ 9 ਲੋਕਾਂ ਦੀ ਹੋਈ ਮੌਤ, 2 ਲਾਪਤਾ

ਪਿਛਲੇ 24 ਘੰਟਿਆਂ 'ਚ ਸੂਬੇ 'ਚ 9 ਲੋਕਾਂ ਦੀ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਵਿਚ ਮੰਡੀ ਜ਼ਿਲ੍ਹੇ ਦੇ 7 ਅਤੇ ਸ਼ਿਮਲਾ ਜ਼ਿਲ੍ਹੇ ਦੇ 2 ਲੋਕ ਸ਼ਾਮਲ ਹਨ। ਮੰਡੀ ਦੇ 2 ਲੋਕ ਲਾਪਤਾ ਹਨ। ਮੀਂਹ ਨੇ ਸ਼ਿਮਲਾ, ਮੰਡੀ ਅਤੇ ਸੋਲਨ ਜ਼ਿਲ੍ਹਿਆਂ 'ਚ ਰੱਜ ਕੇ ਕਹਿਰ ਵਰ੍ਹਾਇਆ ਹੈ। ਸ਼ਿਮਲਾ ਜ਼ਿਲ੍ਹੇ 'ਚ 60 ਤੋਂ ਵੱਧ ਦਰੱਖਤ ਡਿੱਗ ਗਏ ਹਨ ਅਤੇ 40 ਇਮਾਰਤਾਂ ਖ਼ਤਰੇ ਦੀ ਲਪੇਟ 'ਚ ਆ ਗਈਆਂ ਹਨ, ਜਿਨ੍ਹਾਂ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਦੂਜੇ ਪਾਸੇ ਸੋਲਨ ਜ਼ਿਲ੍ਹੇ ਦੇ ਬੱਦੀ ਵਿਖੇ ਮੁੱਖ ਪੁਲ ਹਾਦਸਾਗ੍ਰਸਤ ਹੋ ਗਿਆ ਹੈ, ਜਿਸ ਕਾਰਨ ਚੰਡੀਗੜ੍ਹ-ਹਰਿਆਣਾ ਦਾ ਸੰਪਰਕ ਟੁੱਟ ਗਿਆ ਹੈ। ਸੂਬੇ ਵਿਚ 61 ਦਿਨ ਦੇ ਆਏ ਮਾਨਸੂਨ ਕਾਰਨ 364 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ 'ਚੋਂ 139 ਲੋਕਾਂ ਦੀ ਮੌਤ ਜ਼ਮੀਨ ਖਿਸਕਣ, ਹੜ੍ਹ ਅਤੇ ਬੱਦਲ ਫਟਣ ਕਾਰਨ ਹੋਈ ਹੈ। ਸੂਬੇ ਨੂੰ ਹੁਣ ਤੱਕ 82.91 ਅਰਬ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਾ ਹੈ। ਸੂਬੇ 'ਚ 2237 ਘਰ ਢਹਿ-ਢੇਰੀ ਹੋ ਗਏ ਹਨ, ਜਦਕਿ 9924 ਘਰ ਹਾਸਦਾਗ੍ਰਸਤ ਹੋ ਗਏ ਹਨ। ਦੂਜੇ ਪਾਸੇ 300 ਦੁਕਾਨਾਂ ਅਤੇ 4783 ਗਊਸ਼ਾਲਾ ਨੂੰ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ- ਹਿਮਾਚਲ : ਕੁੱਲੂ ਤੋਂ ਸਾਹਮਣੇ ਆਈ ਤਬਾਹੀ ਦੀ ਵੀਡੀਓ, ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ 8 ਬਹੁਮੰਜ਼ਿਲਾ ਇਮਾਰਤਾਂ

3 ਨੈਸ਼ਨਲ ਹਾਈਵੇਅ ਤੇ 709 ਸੜਕਾਂ ਵੀ ਬੰਦ

ਸੂਬੇ ਵਿਚ 3 ਨੈਸ਼ਨਲ ਹਾਈਵੇਅ NH-03, NH-305 ਅਤੇ NH-21A ਬੰਦ ਹਨ, ਜਦਕਿ 709 ਸੜਕਾਂ ਵੀ ਬੰਦ ਹਨ। ਸ਼ਿਮਲਾ ਜ਼ੋਨ ਦੇ ਤਹਿਤ ਸਭ ਤੋਂ ਵੱਧ 220, ਮੰਡੀ ਜ਼ੋਨ ਦੇ ਤਹਿਤ 213, ਹਮੀਰਪੁਰ ਜ਼ੋਨ ਦੇ ਤਹਿਤ 180, ਕਾਂਗੜਾ ਜ਼ੋਨ ਦੇ ਤਹਿਤ 93 ਸੜਕਾਂ ਸ਼ਾਮਲ ਹਨ। 

ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ

ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਕਈ ਹਿੱਸਿਆਂ ਵਿਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਇਸੇ ਦੇ ਮੱਦੇਨਜ਼ਰ ਰੈੱਡ ਅਲਰਟ ਵੀ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਕਈ ਹਿੱਸਿਆਂ 'ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 9 ਜ਼ਿਲ੍ਹਿਆਂ ਵਿਚ ਹੜ੍ਹ, ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਦੀ ਸੰਭਾਵਨਾ ਹੈ। ਅਜਿਹੇ 'ਚ ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Tanu

This news is Content Editor Tanu