ਬਾਰਡਰ ਖੋਲ੍ਹਣ ਨੂੰ ਲੈ ਕੇ ਬੈਠਕ ਭਲਕੇ, ਹਰਿਆਣਾ ਦੀ ਹਾਈ ਪਾਵਰ ਕਮੇਟੀ ਕਰੇਗੀ ਕਿਸਾਨ ਆਗੂਆਂ ਨਾਲ ਗੱਲ

09/18/2021 4:22:39 PM

ਬਹਾਦੁਰਗੜ੍ਹ (ਪ੍ਰਵੀਣ)— ਸੁਪਰੀਮ ਕੋਰਟ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਹਰਿਆਣਾ ਸਰਕਾਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬੰਦ ਰਸਤੇ ਖੁੱਲ੍ਹਵਾਉਣ ਲਈ ਸਰਗਰਮ ਹੋ ਗਈ ਹੈ। ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਕਿ ਕੱਲ ਸੋਨੀਪਤ ’ਚ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨਾਲ ਗੱਲਬਾਤ ਵੀ ਕਰੇਗੀ। ਹਾਲਾਂਕਿ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਆਖ ਚੁੱਕੀਆਂ ਹਨ ਕਿ ਰਸਤੇ ਉਨ੍ਹਾਂ ਨੇ ਨਹੀਂ ਸਗੋਂ ਦਿੱਲੀ ਪੁਲਸ ਨੇ ਬੰਦ ਕੀਤੇ ਹਨ। ਫਿਰ ਵੀ ਉਹ ਸਰਕਾਰ ਦੀ ਕਮੇਟੀ ਨਾਲ ਗੱਲਬਾਤ ਲਈ ਤਿਆਰ ਹਨ।

ਸੋਨੀਪਤ ਵਿਚ ਸਿੰਘੂ ਬਾਰਡਰ ਅਤੇ ਝੱਜਰ ਵਿਚ ਬਹਾਦੁਰਗੜ੍ਹ ਦੇ ਟਿਕਰੀ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ। ਜਿਸ ਦੇ ਚੱਲਦੇ ਦੋਹਾਂ ਮੁੱਖ ਬਾਰਡਰਾਂ ਤੋਂ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ। ਮਜਬੂਰੀ ਇਹ ਹੈ ਕਿ ਹੁਣ ਬਦਲਵੇਂ ਰਸਤਿਆਂ ਜ਼ਰੀਓ ਲੋਕ ਦਿੱਲੀ ਜਾਣ ਲਈ ਮਜ਼ਬੂਰ ਹਨ। ਇਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਤੋਂ ਟਿਕਰੀ ਬਾਰਡਰ ਖੁੱਲ੍ਹਵਾਉਣ ਲਈ ਸੰਪਰਕ ਕੀਤਾ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਐੱਸ. ਡੀ. ਐੱਮ. ਬਹਾਦੁਰਗੜ੍ਹ ਨੂੰ ਦਿੱਲੀ ਨਾਲ ਜੋੜਨ ਵਾਲੇ ਬਦਲਵੇਂ ਰਸਤਿਆਂ ਨੂੰ ਸੁਧਾਰਨ ਅਤੇ ਸੁਰੱਖਿਅਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। 

ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ਿਆਮਲਾਲ ਪੂਨੀਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਅਤੇ ਵਪਾਰ ਸੰਗਠਨ ਵੀ ਇਹ ਹੀ ਮੰਗ ਕਰ ਰਹੇ ਹਨ ਕਿ ਜਦੋਂ ਤਕ ਟਿਕਰੀ ਬਾਰਡਰ ਨਹੀਂ ਖੁੱਲ੍ਹਦਾ, ਉਦੋਂ ਤਕ ਬਦਲਵੇਂ ਰਸਤਿਆਂ ਨੂੰ ਸਹੀ ਅਤੇ ਸੁਰੱਖਿਅਤ ਕਰਵਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਹਾਈ ਪਾਵਰ ਕਮੇਟੀ ਦਾ ਗਠਨ ਵੀ ਹੋ ਗਿਆ ਹੈ। ਜੋ ਕਿਸਾਨ ਜਥੇਬੰਦੀਆਂ ਨਾਲ-ਨਾਲ ਦਿੱਲੀ ਪੁਲਸ ਨਾਲ ਵੀ ਗੱਲ ਕਰੇਗੀ ਅਤੇ ਉਮੀਦ ਹੈ ਕਿ ਛੇਤੀ ਹੀ ਟਿਕਰੀ ਬਾਰਡਰ ਦਾ ਇਕ ਪਾਸੜ ਰਸਤਾ ਖੁੱਲ੍ਹ ਜਾਵੇਗਾ।

Tanu

This news is Content Editor Tanu