ਹਰਿਆਣੇ ਦੇ ਹੀਰੇ ਨੇ ਫਿਰ ਚਮਕਾਇਆ ਆਪਣੇ ਸੂਬੇ ਦਾ ਨਾਮ, ਹਾਕੀ ਚੈਂਪਿਅਨਸ਼ਿਪ ''ਚ ਜਿੱਤਿਆ ਗੋਲਡ

11/22/2017 8:10:26 AM

ਗੋਹਾਨਾ — ਹਰਿਆਣਾ ਸੂਬਾ ਦੇਸ਼ ਦੇ ਸਾਰੇ ਸੂਬਿਆਂ ਤੋਂ ਅੱਗੇ ਵਧ ਰਿਹਾ ਹੈ। ਹਰਿਆਣਾ ਸੂਬਾ ਰੋਜ਼ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦਾ ਹੈ। ਇਸ ਸੂਬੇ ਦੀਆਂ ਬੇਟੀਆਂ ਵੀ ਅੰਤਰ ਰਾਸ਼ਟਰੀ ਪੱਧਰ 'ਤੇ ਆਪਣੀ ਵੱਖਰੀ ਪਛਾਣ ਬਣਾ ਰਹੀਆਂ ਹਨ। ਦੋ ਦਿਨ ਪਹਿਲਾ ਹਰਿਆਣੇ ਦੀ ਬੇਟੀ ਮਾਨੁਸ਼ੀ ਨੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਆਪਣੇ ਸੂਬੇ ਦਾ ਨਾਂ ਰੌਸ਼ਨ ਕੀਤਾ । ਇਸ ਦੇ ਨਾਲ ਹੀ ਗੌਹਾਨਾ ਦੇ ਪਿੰਡ ਗਾਮੜੀ ਦੀ ਰਹਿਣ ਵਾਲੀ ਮੋਨਿਕਾ ਮਲਿਕ ਨੇ ਹਰਿਆਣੇ ਦੀ ਟੀਮ ਵਲੋਂ ਖੇਡਦੇ ਹੋਏ ਪੂਣੇ 'ਚ 14 ਤੋਂ 19 ਨਵੰਬਰ ਤੱਕ ਆਯੋਜਿਤ ਹੋ ਰਹੀ ਦੂਸਰੀ ਸੀਨੀਅਰ ਨੈਸ਼ਨਲ ਹਾਕੀ ਚੈਂਪਿਅਨਸ਼ਿਪ ਦੇ ਫਾਈਨਲ 'ਚ ਮਹਾਰਾਸ਼ਟਰ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਮੈਡਲ ਲੈ ਕੇ ਘਰ ਪਰਤੀ ਮੋਨਿਕਾ ਦਾ ਪਰਿਵਾਰ ਵਾਲਿਆਂ ਨੇ ਮਿਠਾਈ ਖਵਾ ਕੇ ਸਵਾਗਤ ਕੀਤਾ। ਹਾਲਾਂਕਿ ਪਿੰਡ 'ਚ ਦੋ ਮੌਤਾਂ ਹੋਣ ਦੇ ਕਾਰਨ ਕਿਸੇ ਤਰ੍ਹਾਂ ਦੇ ਸਮਾਗਮ ਦਾ ਆਯੋਜਨ ਨਹੀਂ ਕੀਤਾ ਗਿਆ।
ਰੇਲਵੇ 'ਚ ਨੌਕਰੀ ਕਰ ਰਹੀ ਹੈ ਮੋਨਿਕਾ
ਮੋਨਿਕਾ ਮਲਿਕ ਨੇ ਦੱਸਿਆ ਕਿ ਉਹ ਅੱਜਕੱਲ੍ਹ ਮੁੰਬਈ 'ਚ ਰੇਲਵੇ ਦੀ ਨੌਕਰੀ ਕਰ ਰਹੀ ਹੈ। ਇਕ ਰੇਲਵੇ ਹੀ ਇਸ ਤਰ੍ਹਾਂ ਦਾ ਵਿਭਾਗ ਹੈ ਜੋ ਕਿ ਖੇਡਾਂ 'ਚ ਅੱਗੇ ਵਧ ਰਹੇ ਉਮੀਦਵਾਰਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਕਰ ਰਿਹਾ ਹੈ। ਇਸ ਲਈ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹੋਣਹਾਰ ਮਹਿਲਾ ਖਿਡਾਰਣਾਂ ਨੂੰ ਆਪਣੇ ਸੂਬੇ 'ਚ ਨੌਕਰੀ ਦੇਣ, ਜਿਸ ਕਾਰਨ ਉਹ ਆਪਣੇ ਪਰਿਵਾਰ ਦੇ ਕੋਲ ਰਹਿ ਕੇ ਆਪਣੇ ਪਰਿਵਾਰ ਅਤੇ ਖੇਡਾਂ ਨੂੰ ਵੀ ਸਮਾਂ ਦੇ ਸਕਣ।


ਕਾਮਨਵੈਲਥ ਗੇਮ 'ਚ ਗੋਲਡ ਮੈਡਲ ਚਾਹੁੰਦੀ ਹੈ ਜਿੱਤਣਾ
ਮੋਨਿਕਾ ਦਾ ਅਗਲਾ ਟੀਚਾ ਹੁਣ ਆਸਟ੍ਰੇਲੀਆ 'ਚ ਹੋਣ ਵਾਲੀਆਂ ਕਾਮਨਵੈਲਥ ਗੇਮਾਂ 'ਚ ਆਪਣੀ ਜਿੱਤ ਪੱਕੀ ਕਰਨਾ ਹੈ। ਇਸ ਦੀ ਤਿਆਰੀ ਲਈ ਉਹ ਇਸੇ ਮਹੀਨੇ 25 ਨਵੰਬਰ ਤੋਂ ਬੈਂਗਲੁਰੂ ਕੈਂਪ 'ਚ ਆਪਣੀ ਪ੍ਰੈਕਟਿਸ ਕਰੇਗੀ। ਇਨ੍ਹਾਂ ਗੇਮਾਂ 'ਚ ਹਿੱਸਾ ਲੈਣ ਲਈ ਉਹ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ।
ਚੰਡੀਗੜ੍ਹ 'ਚ ਪੁਲਸ ਕਰਮਚਾਰੀ ਹਨ ਮੋਨਿਕਾ ਦੇ ਪਿਤਾ 
ਮੋਨਿਕਾ ਦੇ ਪਿਤਾ ਤਕਦੀਰ ਮਲਿਕ ਚੰਡੀਗੜ੍ਹ ਪੁਲਸ 'ਚ ਕੰਮ ਕਰਦੇ ਹਨ ਅਤੇ ਹਮੇਸ਼ਾ ਮੋਨਿਕਾ ਦਾ ਹੌਸਲਾਂ ਵਧਾਉਂਦੇ ਰਹਿੰਦੇ ਹਨ।  ਮੋਨਿਕਾ ਨੇ ਮਿਸ ਵਰਲਡ ਬਣੀ ਮਾਨੁਸ਼ੀ ਨੂੰ ਉਸਦੀ ਜਿੱਤ 'ਤੇ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਮਾਨੁਸ਼ੀ ਨੇ ਜਿਹੜੀ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਵੱਖਰੀ ਪਛਾਣ ਬਣਾਈ ਹੈ ਇਹ ਸਾਡੀ ਸਾਰੀਆਂ ਲੜਕੀਆਂ ਲਈ ਪ੍ਰੇਰਣਾਦਾਇਕ ਹੈ। ਹੁਣ ਹਰਿਆਣੇ ਦੀਆਂ ਛੋਰੀਆਂ ਦਾ ਹਰ ਜਗ੍ਹਾਂ ਡੰਕਾ ਵਜ ਰਿਹਾ ਹੈ ਅਤੇ ਸਮਾਜ ਨੂੰ ਸਾਡੇ ਪ੍ਰਤੀ ਨਜ਼ਰਿਆ ਬਦਲਣਾ ਹੋਵੇਗਾ।


ਬਚਪਨ ਤੋਂ ਹੀ ਸੀ ਖੇਡਾਂ ਦਾ ਸ਼ੌਕ
ਮੋਨਿਕਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਆਪਣਾ ਅਤੇ ਆਪਣੇ ਪਿੰਡ ਦੇ ਨਾਲ-ਨਾਲ  ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਦੀ ਰਹੇ। ਮੋਨਿਕਾ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਲਗਾਓ ਸੀ ਅਤੇ ਪਰਿਵਾਰ ਵਾਲੇ ਵੀ ਚਾਹੁੰਦੇ ਸਨ ਕਿ ਉਹ ਖੇਡਾਂ 'ਚ ਅੱਗੇ ਵਧ ਕੇ ਉਨ੍ਹਾਂ ਦਾ ਨਾਮ ਰੌਸ਼ਨ ਕਰੇ. ਮੋਨਿਕਾ ਦਾ ਭਰਾ ਵੀ ਰੈਸਲਿੰਗ ਕਰਦਾ ਹੈ।