ਬਰਫੀਲੇ ਤੂਫਾਨ ਨੂੰ ਮਾਤ ਪਾਉਂਦੀ ਹੋਈ ਅਨੀਤਾ ਨੇ ਤੀਜੀ ਵਾਰ ਫਤਿਹ ਕੀਤੀ ਮਾਊਂਟ ਐਵਰੈਸਟ

05/22/2019 2:07:27 PM

ਨਵੀਂ ਦਿੱਲੀ/ਚੰਡੀਗੜ੍ਹ—ਕਹਿੰਦੇ ਹਨ ਕਿ ''ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ ਹਨ, ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਹੌਸਲਿਆਂ ਤੋਂ ਉਡਾਣ ਮਿਲਦੀ ਹੈ।'' ਜੀ ਹਾਂ, ਗੱਲ ਕਰਦੇ ਹਾਂ ਭਾਰਤੀ ਪਰਬਤਰੋਹੀ ਅਨੀਤਾ ਕੁੰਡੂ ਦੀ, ਜਿਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ, ਜਿੱਥੇ ਸਾਹ ਲੈਣ ਵੀ ਔਖਾ ਹੁੰਦਾ ਹੈ, ਫਤਿਹ ਕੀਤੀ ਹੈ। ਉਸ ਨੇ ਹੁਣ ਤੀਜੀ ਵਾਰ ਮਾਊਂਟ ਐਵਰੈਸਟ ਫਤਿਹ ਕਰ ਲਈ ਹੈ। ਚਾਰ ਯਤਨਾਂ 'ਚ ਉਹ ਤੀਸਰੀ ਵਾਰ ਸਫਲ ਹੋਈ। ਅਨੀਤਾ ਕੁੰਡੂ ਮਾਊਂਟ ਐਵਰੈਸਟ ਨੂੰ ਫਤਿਹ ਕਰਨ ਵਾਲੀ ਹਰਿਆਣਾ ਦੀ ਪਹਿਲੀ ਬੇਟੀ ਹੈ ਅਤੇ ਨੇਪਾਲ-ਚੀਨ ਦੇ ਰਸਤਿਓ ਜਾਣ ਵਾਲੀ ਪਹਿਲੀ ਹਿੰਦੋਸਤਾਨੀ ਔਰਤ ਵੀ ਹੈ। 36 ਦਿਨਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਅਨੀਤਾ ਨੇ 21 ਮਈ ਨੂੰ ਸਵੇਰੇ 7 ਵਜੇ ਚੋਟੀ ਦੇ ਸ਼ਿਖਰ 'ਤੇ ਤਿਰੰਗਾ ਲਹਿਰਾਇਆ।

ਹਰਿਆਣਾ ਦੇ ਹਿਸਾਰ ਜ਼ਿਲੇ 'ਚ ਫਰੀਦਾਬਾਦ ਪਿੰਡ ਦੀ ਰਹਿਣ ਵਾਲੀ ਅਨੀਤਾ ਕੁੰਡੂ ਇੱਕ ਕਿਸਾਨ ਦੀ ਬੇਟੀ ਹੈ। ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਮੁਕਾਮ ਹਾਸਲ ਕੀਤਾ। ਅਨੀਤਾ ਨੇ ਇਸ ਖੁਸ਼ੀ ਦੇ ਮੌਕੇ 'ਤੇ ਟਵੀਟ ਕੀਤਾ, ''36 ਦਿਨਾਂ ਦੀ ਕਠਿਨ ਤਪੱਸਿਆ ਕਰਕੇ ਅੱਜ ਸਵੇਰੇ, ਸੂਰਜ ਦੀ ਕਿਰਨਾਂ ਨਾਲ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ 'ਤੇ ਤੀਜੀ ਵਾਰ ਆਪਣੇ ਰਾਸ਼ਟਰ ਦੇ ਗੌਰਵ ਤਿਰੰਗੇ ਝੰਡੇ ਨੂੰ ਫਹਿਰਾਉਣ 'ਚ ਸਫਲਤਾ ਹਾਸਲ ਕੀਤੀ ਹੈ। ਕਈ ਵਾਰ ਮੌਸਮ ਦੀ ਮਾਰ ਝੱਲਣ ਤੋਂ ਬਾਅਦ ਆਖਰਕਾਰ ਮੈਂ ਸ਼ਿਖਰ 'ਤੇ ਪਹੁੰਚਣ 'ਚ ਸਫਲ ਰਹੀ ਹਾਂ।''

ਅਨੀਤਾ ਦਾ ਰਸਤਾ ਨਹੀਂ ਰੋਕ ਸਕਿਆ ਬਰਫੀਲਾ ਤੂਫਾਨ-
ਮਾਊਂਟ ਐਵਰੈਸਟ ਦੀ ਚੋਟੀ ਫਤਿਹ ਕਰਨ ਵਾਲੀ ਅਨੀਤਾ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਵੀ ਸੀ। ਅਨੀਤਾ ਨੂੰ ਬਰਫੀਲਾ ਤੂਫਾਨ ਵੀ ਨਹੀਂ ਰੋਕ ਸਕਿਆ। ਜਦੋਂ ਇਹ ਬਰਫੀਲਾ ਤੂਫਾਨ ਆਇਆ ਤਾਂ ਉਸ ਸਮੇਂ ਅਨੀਤਾ 22,000 ਫੁੱਟ ਦੀ ਉਚਾਈ 'ਤੇ ਪਹੁੰਚ ਚੁੱਕੀ ਸੀ। ਇਸ ਬਰਫੀਲੇ ਤੂਫਾਨ ਕਾਰਨ ਐਡਵਾਂਸ ਕੈਂਪ 'ਚ ਕਾਫੀ ਨੁਕਸਾਨ ਹੋਇਆ ਤੇ ਲੋਕ ਬਰਫੀਲੇ ਤੂਫਾਨ 'ਚ ਫਸ ਗਏ ਸੀ। ਦੱਸਿਆ ਜਾਂਦਾ ਹੈ ਕਿ ਇੱਥੇ ਤਾਪਮਾਨ ਲਗਭਗ ਮਾਈਨਸ 40 ਡਿਗਰੀ ਸੈਲਸੀਅਸ ਸੀ। 

ਕੁਝ ਦਿਨ ਪਹਿਲਾਂ ਪਰਿਵਾਰ ਨਾਲੋਂ ਟੁੱਟਿਆ ਸੰਪਰਕ—
ਇਹ ਵੀ ਦੱਸਿਆ ਜਾਂਦਾ ਹੈ ਕਿ ਅਨੀਤਾ ਦਾ ਕੁਝ ਦਿਨ ਪਹਿਲਾਂ ਪਰਿਵਾਰ ਨਾਲੋਂ ਵੀ ਸੰਪਰਕ ਟੁੱਟ ਗਿਆ ਸੀ, ਜਿਸ ਕਾਰਨ ਅਨੀਤਾ ਦੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰਾਂ ਦੀ ਚਿੰਤਾ ਵੱਧ ਗਈ ਸੀ। ਅਨੀਤਾ ਦੀ 26 ਅਪ੍ਰੈਲ ਨੂੰ ਉਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲ ਹੋਈ, ਜਦੋਂ ਉਹ ਐਡਵਾਂਸ ਕੈਂਪ 'ਚ ਪਹੁੰਚ ਚੁੱਕੀ ਸੀ, ਜਿੱਥੇ ਕੁਝ ਦਿਨ ਰਹਿਣ ਤੋਂ ਬਾਅਦ ਅੱਗੇ ਦੀ ਚੜਾਈ ਕਰਨੀ ਸੀ। ਇਸ ਤੋਂ ਬਾਅਦ ਅਨੀਤਾ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ।

ਅਨੀਤਾ ਦੀ ਉਪਲੱਬਧੀਆਂ—
ਇਸ ਵਾਰ ਚੀਨ ਵੱਲੋਂ ਮਾਊਂਟ ਐਵਰੈਸਟ ਫਤਿਹ ਕਰਨ ਵਾਲੀ ਅਨੀਤਾ 2013 'ਚ ਦੁਨਿਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਨੇਪਾਲ ਵੱਲ ਚੜਾਈ ਚੜ ਕੇ ਫਤਿਹ ਕਰ ਚੁੱਕੀ ਹੈ। ਇਸ ਪਾਸੇ ਤੋਂ ਭਾਰਤ ਦੀ ਕਈ ਹੋਰ ਮਹਿਲਾਵਾਂ ਵੀ ਐਵਰੈਸਟ ਵਿਜੇਤਾ ਬਣ ਚੁੱਕੀਆਂ ਹਨ ਪਰ ਚੀਨ ਵੱਲੋਂ ਹੁਣ ਤੱਕ ਭਾਰਤ ਦੀ ਕੋਈ ਵੀ ਮਹਿਲਾ ਪਰਬਤਰੋਹੀ ਐਵਰੈਸਟ ਫਤਿਹ ਨਹੀਂ ਕਰ ਸਕੀ ਹੈ।

Iqbalkaur

This news is Content Editor Iqbalkaur