ਹਰਿਆਣਾ ਤੋਂ ਚੰਗੀ ਖ਼ਬਰ : ਡਿਪਟੀ CM ਅਤੇ 100 ਤੋਂ ਵੱਧ ਪੱਤਰਕਾਰਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ

05/01/2020 3:10:36 PM

ਹਰਿਆਣਾ (ਭਾਸ਼ਾ)— ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਸ਼ੁੱਕਰਵਾਰ ਭਾਵ ਅੱਜ ਦੱਸਿਆ ਕਿ ਸੂਬੇ ਦੇ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਅਤੇ 100 ਤੋਂ ਵਧੇਰੇ ਪੱਤਰਕਾਰ ਕੋਰੋਨਾ ਵਾਇਰਸ ਦੀ ਜਾਂਚ 'ਚ ਨੈਗੇਟਿਵ ਪਾਏ ਗਏ ਹਨ। ਹਾਲਾਂਕਿ ਚੌਟਾਲਾ 'ਚ ਵਾਇਰਸ ਦੇ ਕੋਈ ਲੱਛਣ ਨਹੀਂ ਸਨ ਪਰ ਉਨ੍ਹਾਂ ਨੇ ਫਿਰ ਵੀ ਬੁੱਧਵਾਰ ਨੂੰ ਕੋਰੋਨਾ ਦਾ ਟੈਸਟ ਕਰਵਾਇਆ ਸੀ ਤਾਂ ਕਿ ਲੋਕਾਂ ਦੇ ਮਨਾਂ 'ਚੋਂ ਇਸ ਜਾਂਚ ਨੂੰ ਲੈ ਕੇ ਡਰ ਦੂਰ ਕੀਤਾ ਜਾ ਸਕੇ।

ਵਿਜ ਨੇ ਦੱਸਿਆ ਕਿ ਚੌਟਾਲਾ ਸਮੇਤ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ, ਫੋਟੋ ਪੱਤਰਕਾਰ ਸਾਰਿਆਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਮਹਾਰਾਸ਼ਟਰ ਅਤੇ ਦਿੱਲੀ ਦੇ ਕੁੱਝ ਪੱਤਰਕਾਰਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਤੋਂ ਬਾਅਦ ਵਿਜ ਨੇ ਚੰਡੀਗੜ੍ਹ ਵਿਚ ਬੁੱਧਵਾਰ ਨੂੰ ਪੱਤਰਕਾਰਾਂ ਲਈ ਜਾਂਚ ਦੀ ਵਿਵਸਥਾ ਕੀਤੀ ਸੀ। ਵਿਜ ਨੇ ਕਿਹਾ ਕਿ ਪੱਤਰਕਾਰ ਵੀ ਇਸ ਲੜਾਈ ਵਿਚ ਮੋਹਰੀ ਮੋਰਚੇ 'ਤੇ ਹਨ। ਸਿਹਤ ਵਿਭਾਗ ਵਲੋਂ ਪੱਤਰਕਾਰਾਂ ਦੇ ਜਾਂਚ ਲਈ ਨਮੂਨੇ ਲਏ ਗਏ ਸਨ। ਇਹ ਕੈਂਪ ਵਿਭਾਗ ਵਲੋਂ ਪੱਤਰਕਾਰਾਂ ਲਈ ਲਾਇਆ ਗਿਆ ਸੀ।

ਦੱਸਣਯੋਗ ਹੈ ਕਿ ਹਰਿਆਣਾ ਵਿਚ 8 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ 347 ਹੋ ਗਈ ਹੈ। ਇਨ੍ਹਾਂ 'ਚੋਂ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 235 ਮਰੀਜ਼ ਸਿਹਤਮੰਦ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।

Tanu

This news is Content Editor Tanu