ਹਰਿਆਣਾ ਦੇ ਪਿੰਡਾਂ 'ਚ ਨੇਤਾਵਾਂ ਤੋਂ ਜ਼ਿਆਦਾ ਹੈਲੀਕਾਪਟਰ ਦੇਖਣ ਦਾ ਕ੍ਰੇਜ਼

10/17/2019 12:14:07 PM

ਚੰਡੀਗੜ੍ਹ—ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰਾਜਨੀਤਿਕ ਪਾਰਟੀਆਂ ਦੇ ਨੇਤਾ ਹਰਿਆਣਾ 'ਚ ਲਗਾਤਾਰ ਰੈਲੀਆਂ ਕਰ ਰਹੇ ਹਨ ਪਰ ਹਰਿਆਣਾ ਦੇ ਪੇਂਡੂ ਇਲਾਕਿਆਂ ਦੇ ਲੋਕਾਂ 'ਚ ਨੇਤਾਵਾਂ ਤੋਂ ਜ਼ਿਆਦਾ ਕ੍ਰੇਜ਼ ਹੈਲੀਕਾਪਟਰ ਨੂੰ ਦੇਖਣ ਦਾ ਹੈ। ਅਜਿਹਾ ਹੀ ਨਜ਼ਾਰਾ ਹਿਸਾਰ ਦੇ ਬਰਵਾਲਾ ਵਿਧਾਨਸਭਾ ਖੇਤਰ ਦੇ ਪਾਬੜਾ ਪਿੰਡ 'ਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਇੱਕ ਜਨਸਭਾ ਨੂੰ ਸੰਬੋਧਿਤ ਕਰਨ ਲਈ ਹੈਲੀਕਾਪਟਰ ਰਾਹੀ ਪਹੁੰਚੇ। ਪਾਬੜਾ ਪਿੰਡ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਤਾਂ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਜਨਸਭਾ ਦੇ ਪੰਡਾਲ 'ਚ ਲੈ ਗਈ ਪਰ ਹਜ਼ਾਰਾਂ ਦੀ ਤਦਾਦ 'ਚ ਲੋਕ ਹੈਲੀਕਾਪਟਰ ਦੇ ਨੇੜੇ ਹੀ ਜੁੱਟੇ ਰਹੇ, ਜੋ ਕਿ ਸੈਲਫੀਆਂ ਖਿੱਚ ਰਹੇ ਸਨ।

ਜਦੋਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਜਨਸਭਾ ਨੂੰ ਸੰਬੋਧਿਤ ਕਰ ਰਹੇ ਸੀ ਪਰ ਲੋਕਾਂ ਦਾ ਜ਼ਿਆਦਾ ਕ੍ਰੇਜ਼ ਉਨ੍ਹਾਂ ਨੂੰ ਸੁਣਨ ਦੇ ਬਜਾਏ ਉਨ੍ਹਾਂ ਦੇ ਹੈਲੀਕਾਪਟਰ ਨੂੰ ਦੇਖਣ ਦਾ ਸੀ। ਹੈਲੀਕਾਪਟਰ ਦੇ ਪਾਇਲਟ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸੁਰੱਖਿਆ ਦਸਤੇ ਨੇ ਹੈਲੀਕਾਪਟਰ ਨੂੰ ਲੋਕਾਂ ਦੀ ਭੀੜ ਤੋਂ ਦੂਰ ਰੱਖਣ 'ਚ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਹੈਲੀਕਾਪਟਰ ਦੇ ਪਾਇਲਟ ਮੇਜਰ ਪਿਊਸ਼ ਨੇ ਦੱਸਿਆ ਹੈ ਕਿ ਜਿੱਥੇ ਸਕਿਓਰਿਟੀ ਨਹੀਂ ਹੁੰਦੀ ਹੈ, ਉੱਥੇ ਇਸ ਤਰ੍ਹਾਂ ਭੀੜ ਨੂੰ ਕਾਬੂ ਕਰਨ 'ਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਪੇਂਡੂ ਇਲਾਕਿਆਂ 'ਚ ਹੈਲੀਕਾਪਟਰਾਂ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ। ਲੋਕ ਰੈਲੀ 'ਚ ਜਾਣ ਦੀ ਬਜਾਏ ਹੈਲੀਕਾਪਟਰ ਦੇ ਨੇੜੇ ਮੰਡਰਾਉਂਦੇ ਰਹਿੰਦੇ ਹਨ।

ਸਥਾਨਿਕ ਪਿੰਡਾਂ ਅਤੇ ਬੱਚਿਆਂ ਨੇ ਦੱਸਿਆ ਹੈ ਕਿ ਉਹ ਹੈਲੀਕਾਪਟਰ ਦੇਖਣ ਆਏ ਹਨ। ਭੁਪਿੰਦਰ ਹੁੱਡਾ ਨੂੰ ਤਾਂ ਉਹ ਪਹਿਲਾਂ ਦੇਖ ਅਤੇ ਸੁਣ ਹੀ ਚੁੱਕੇ ਹਨ ਪਰ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਉਨ੍ਹਾਂ ਦੇ ਪਿੰਡ 'ਚ ਕੋਈ ਨੇਤਾ ਹੈਲੀਕਾਪਟਰ ਰਾਹੀਂ ਆਇਆ ਹੈ। ਇਸ ਲਈ ਉਹ ਹੈਲੀਕਾਪਟਰ ਨੂੰ ਦੇਖਣਾ ਚਾਹੁੰਦੇ ਹਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਜਦੋਂ ਇਸ ਸੰਬੰਧੀ ਸਵਾਲ ਕੀਤਾ ਕਿ ਲੋਕਾਂ 'ਚ ਉਨ੍ਹਾਂ ਨੂੰ ਦੇਖਣ ਦੀ ਬਜਾਏ ਹੈਲੀਕਾਪਟਰ ਨੂੰ ਦੇਖਣ ਦਾ ਕ੍ਰੇਜ਼ ਜ਼ਿਆਦਾ ਹੈ ਤਾਂ ਉਹ ਇਸ ਸਵਾਲ ਨੂੰ ਹੱਸ ਕੇ ਟਾਲ ਗਏ।

Iqbalkaur

This news is Content Editor Iqbalkaur